ਪਾਕਿਸਤਾਨ ਪੁਲਸ ਨੇ ਕਰਾਚੀ ਤੋਂ ਅਗਵਾ ਕੀਤੀ ਹਿੰਦੂ ਬੱਚੀ ਕੀਤੀ ਬਰਾਮਦ
Sunday, Jun 11, 2023 - 12:42 PM (IST)
ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਅਫਗਾਨ ਪਸ਼ਤੂਨ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਅਗਵਾ ਕੀਤੀ ਗਈ ਹਿੰਦੂ ਬੱਚੀ ਨੂੰ ਕਰਾਚੀ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਦੋਸ਼ੀ ਪਰਿਵਾਰ ਨੇ ਕਥਿਤ ਤੌਰ 'ਤੇ ਕੁੜੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਅਤੇ ਉਸ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਕਰਵਾ ਦਿੱਤਾ। ਟਾਂਡੋ ਅੱਲ੍ਹਾਯਾਰ ਦੇ ਸੀਨੀਅਰ ਪੁਲਸ ਸੁਪਰਡੈਂਟ ਸਈਅਦ ਸਲੀਮ ਸ਼ਾਹ ਨੇ ਦੱਸਿਆ ਕਿ ਰਵੀਨਾ ਮੇਘਵਾਲ ਨੂੰ ਦੱਖਣੀ ਸਿੰਧ ਦੇ ਟਾਂਡੋ ਅੱਲ੍ਹਾਯਾਰ ਤੋਂ ਅਗਵਾ ਕਰਕੇ ਕਰਾਚੀ ਲਿਜਾਇਆ ਗਿਆ ਸੀ। ਸ਼ਾਹ ਮੁਤਾਬਕ ਰਵੀਨਾ ਦੇ ਪਰਿਵਾਰ ਅਤੇ ਸਿੰਧ ਸੂਬੇ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸੰਗਠਨ ਪਾਕਿਸਤਾਨ ਦੇਹਰਾਵਰ ਇਤੇਹਾਦ (ਪੀਡੀਆਈ) ਨੇ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ''ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਇਕ ਟੀਮ ਕਰਾਚੀ ਭੇਜੀ, ਜਿੱਥੋਂ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਅਤੇ ਵਾਪਸ ਮੀਰਪੁਰਖਾਸ ਲਿਆਂਦਾ ਗਿਆ।''
ਸ਼ਾਹ ਅਨੁਸਾਰ ਅਗਵਾ ਕਰਨ ਦੇ ਦੋਸ਼ੀ ਅਫਗਾਨ ਪਸ਼ਤੂਨ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਬੱਚੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਸੀ ਅਤੇ ਜਾਮੋ ਖਾਨ ਨਾਮ ਦੇ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੀੜਤ ਅਤੇ ਮੁਲਜ਼ਮ ਨੂੰ ਟਾਂਡੋ ਅੱਲ੍ਹਾਯਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜਾਮੋ ਖ਼ਾਨ ਅਤੇ ਉਸ ਦੇ ਵਕੀਲਾਂ ਨੇ ਵਿਆਹ ਦਾ ਸਰਟੀਫਿਕੇਟ ਦਿਖਾਇਆ, ਪਰ ਜਦੋਂ ਉਸ (ਜਾਮੋ ਖ਼ਾਨ) ਨੂੰ ਆਪਣਾ ਕੌਮੀ ਪਛਾਣ ਪੱਤਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਤਾਂ ਪਤਾ ਲੱਗਾ ਕਿ ਉਹ ਪਾਕਿਸਤਾਨ ਦਾ ਨਾਗਰਿਕ ਨਹੀਂ ਹੈ ਅਤੇ ਉਸ ਕੋਲ ਅਫਗਾਨਿਸਤਾਨ ਦਾ ਪਛਾਣ ਪੱਤਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਹਿੰਦੂ ਭਾਈਚਾਰੇ 'ਤੇ ਹਮਲਾ, ਬੱਚਿਆਂ ਤੇ ਔਰਤਾਂ ਸਮੇਤ ਦਰਜਨਾਂ ਜ਼ਖ਼ਮੀ
ਸ਼ਾਹ ਮੁਤਾਬਕ ਮੈਜਿਸਟ੍ਰੇਟ ਸਬਾ ਕਮਰ ਨੇ ਪੀੜਤਾ ਨੂੰ ਮੈਡੀਕਲ ਜਾਂਚ ਤੋਂ ਬਾਅਦ ਸ਼ੈਲਟਰ ਹੋਮ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚੀ ਦੇ ਬਿਆਨ ਬਾਅਦ ਵਿੱਚ ਦਰਜ ਕੀਤੇ ਜਾਣਗੇ। ਸ਼ਾਹ ਅਨੁਸਾਰ ਮੈਜਿਸਟਰੇਟ ਨੇ ਬੱਚੀ ਨੂੰ ਅਦਾਲਤ ਵਿੱਚ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਬੱਚੀ ਨੇ ਅਦਾਲਤ ਦੇ ਅਹਾਤੇ ਵਿਚ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰਕੇ ਕਰਾਚੀ ਦੇ ਇਕ ਘਰ ਵਿਚ ਲਿਜਾਇਆ ਗਿਆ, ਜਿੱਥੇ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਇਕ ਮੌਲਵੀ ਨੇ ਕੁਝ ਗਵਾਹਾਂ ਦੀ ਮੌਜੂਦਗੀ ਵਿਚ ਜਾਮੋ ਖਾਨ ਨਾਲ ਉਸ ਦਾ ਵਿਆਹ ਕਰਵਾ ਦਿੱਤਾ। 'ਪੀਡੀਆਈ ਨੇ ਮੰਗ ਕੀਤੀ ਹੈ ਕਿ ਜਾਮੋ ਖ਼ਾਨ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸਿੰਧ ਬਾਲ ਵਿਆਹ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇ। ਸੰਗਠਨ ਨੇ ਕਿਹਾ ਕਿ ‘ਨਿਕਾਹ’ ਕਰਵਾਉਣ ਵਾਲੇ ਮੌਲਵੀ ਅਤੇ ਇਸ ਦੇ ਗਵਾਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।