ਮੁਸ਼ੱਰਫ ਦੀ ਗਿੱਦੜ ਭੱਬਕੀ, ਕਿਹਾ-'ਪਾਕਿ ਫੌਜ ਭਾਰਤ ਨੂੰ ਸਿਖਾਏਗੀ ਸਬਕ'

10/07/2019 1:30:25 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ (APML) ਦੇ ਸੰਸਥਾਪਕ ਪਰਵੇਜ਼ ਮੁਸ਼ੱਰਫ ਇਕ ਵਾਰ ਰਾਜਨੀਤੀ ਵਿਚ ਕਿਸਮਤ ਅਜਮਾਉਣ ਲਈ ਤਿਆਰ ਹਨ। ਰਾਜਨੀਤੀ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਵਿਚ ਮੁਸ਼ੱਰਫ ਨੇ ਐਤਵਾਰ ਨੂੰ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ,''ਜੇਕਰ ਪਾਕਿਸਤਾਨ ਵਿਰੁੱਧ ਭਾਰਤ ਕੋਈ ਕਾਰਵਾਈ ਕਰਦਾ ਹੈ ਤਾਂ ਪਾਕਿਸਤਾਨੀ ਫੌਜ ਉਸ ਨੂੰ ਸਬਕ ਸਿਖਾਏਗੀ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਲਈ ਭਾਰਤ ਵੱਲੋਂ ਖਤਰਾ ਵੱਧਦਾ ਜਾ ਰਿਹਾ ਹੈ।

ਆਪਣੀ ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਦੁਬਈ ਤੋਂ ਵੀਡੀਓ ਕਾਨਫ੍ਰੈਸਿੰਗ ਜ਼ਰੀਏ ਮੁਸ਼ੱਰਫ ਨੇ ਆਪਣੀ ਪਾਰਟੀ ਦੇ ਕਾਰਕੁੰਨਾਂ ਅਤੇ ਸਮਰਥਕਾਂ ਨੂੰ ਸੰਬੋਧਿਤ ਕੀਤਾ। ਮੁਸ਼ੱਰਫ ਨੇ ਕਿਹਾ,'' ਪਾਕਿਸਤਾਨ ਦੀਆਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਉਸ ਨੂੰ ਧਮਕਾ ਰਿਹਾ ਹੈ। ਪਾਕਿਸਤਾਨ ਅਤੇ ਪਾਕਿਸਤਾਨੀ ਫੌਜ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜੇਗੀ।'' ਭਾਰਤ ਨੂੰ ਚਿਤਾਵਨੀ ਦਿੰਦਿਆਂ ਮੁਸ਼ੱਰਫ ਨੇ ਕਿਹਾ ਕਿ ਜੇਕਰ ਉਹ ਪਾਕਿਸਤਾਨ ਵਿਰੁੱਧ ਕੋਈ ਗਲਤ ਕੰਮ ਕਰਦੇ ਹਨ ਤਾਂ ਉਹ ਉਸ ਨੂੰ ਸਬਕ ਸਿਖਾਉਣਗੇ। 

ਮੁਸ਼ੱਰਫ ਨੇ ਅੱਗੇ ਕਿਹਾ,''ਲੱਗਦਾ ਹੈ ਕਿ ਭਾਰਤ ਕਾਰਗਿਲ ਯੁੱਧ ਨੂੰ ਭੁੱਲ ਗਿਆ ਹੈ।'' ਉਨ੍ਹਾਂ ਨੇ ਜੰਮੂ-ਕਮਸ਼ੀਰ ਵਿਚ ਧਾਰਾ 370 ਹਟਾਉਣ ਦਾ ਵਿਰੋਧ ਕਰਦਿਆਂ ਵੱਖਵਾਦੀਆਂ ਨੂੰ ਖੁੱਲ੍ਹੇ ਸਮਰਥਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਦੁਰੱਲਭ ਬੀਮਾਰੀ ਦਾ ਹਵਾਲਾ ਦੇ ਕੇ ਮੁਸ਼ੱਰਫ ਸਾਲ 2016 ਵਿਚ ਇਲਾਜ ਲਈ ਦੁਬਈ ਚਲੇ ਗਏ ਸਨ। ਇਸ ਮਗਰੋਂ ਉਹ ਪਾਕਿਸਤਾਨ ਨਹੀਂ ਪਰਤੇ ਹਨ ਅਤੇ ਹੁਣ ਇਕ ਵਾਰ ਫਿਰ ਆਪਣੀ ਪਾਰਟੀ ਨੂੰ ਜ਼ਿੰਦਾ ਕਰ ਕੇ ਉਹ ਰਾਜਨੀਤੀ ਵਿਚ ਵਾਪਸੀ ਦੀ ਯੋਜਨਾ ਬਣਾ ਰਹੇ ਹਨ।


Vandana

Content Editor

Related News