ਪਾਕਿਸਤਾਨ ਨੇ ਜਾਰੀ ਕੀਤਾ Panda Bond! ਜੁਟਾਏ 25 ਕਰੋੜ ਡਾਲਰ

Friday, May 15, 2026 - 03:38 PM (IST)

ਪਾਕਿਸਤਾਨ ਨੇ ਜਾਰੀ ਕੀਤਾ Panda Bond! ਜੁਟਾਏ 25 ਕਰੋੜ ਡਾਲਰ

ਇਸਲਾਮਾਬਾਦ (ਭਾਸ਼ਾ): ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਚੀਨ ਦੇ ਪੂੰਜੀ ਬਾਜ਼ਾਰ ਵਿੱਚ ਪਹਿਲੀ ਵਾਰ ਦਸਤਕ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਚੀਨ ਵਿੱਚ ਆਪਣਾ ਪਹਿਲਾ ‘ਪਾਂਡਾ ਬਾਂਡ’ (Panda Bond) ਜਾਰੀ ਕਰਕੇ 25 ਕਰੋੜ ਅਮਰੀਕੀ ਡਾਲਰ (ਲਗਭਗ 1.75 ਅਰਬ ਚੀਨੀ ਯੂਆਨ) ਜੁਟਾਏ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਾਂਡਾ ਬਾਂਡ ਚੀਨੀ ਮੁਦਰਾ (ਰੇਨਮਿਨਬੀ - RMB) ਵਿੱਚ ਨਾਮਜ਼ਦ ਇੱਕ ਬਾਂਡ ਹੁੰਦਾ ਹੈ, ਜਿਸ ਨੂੰ ਕੋਈ ਵਿਦੇਸ਼ੀ ਸੰਸਥਾ ਜਾਂ ਸਰਕਾਰ ਚੀਨ ਦੇ ਘਰੇਲੂ ਬਾਜ਼ਾਰ ਵਿੱਚ ਨਿਵੇਸ਼ਕਾਂ ਨੂੰ ਵੇਚਦੀ ਹੈ। ਪਾਕਿਸਤਾਨ ਲਈ ਚੀਨ ਦੇ ਆਨਸ਼ੋਰ ਪੂੰਜੀ ਬਾਜ਼ਾਰ ਵਿੱਚ ਇਹ ਪਹਿਲੀ ਵਾਰ ਹੈ ਕਿ ਉਸ ਨੇ ਆਪਣੀ ਪ੍ਰਭੂਸੱਤਾ ਵਾਲੀ ਕਰੰਸੀ ਵਿੱਚ ਬਾਂਡ ਜਾਰੀ ਕੀਤੇ ਹਨ।

ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੇ ਸਲਾਹਕਾਰ ਖੁਰਰਮ ਸ਼ਹਿਜ਼ਾਦ ਅਨੁਸਾਰ ਇਸ ਬਾਂਡ ਨੂੰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। 1.75 ਅਰਬ RMB ਦੇ ਬਾਂਡ ਲਈ ਬਾਜ਼ਾਰ ਵਿੱਚ 8.8 ਅਰਬ RMB (ਲਗਭਗ 1.26 ਅਰਬ ਡਾਲਰ) ਤੋਂ ਵੱਧ ਦੀ ਮੰਗ ਦੇਖੀ ਗਈ, ਜਿਸਦਾ ਮਤਲਬ ਹੈ ਕਿ ਇਹ ਬਾਂਡ 5 ਗੁਣਾ ਤੋਂ ਵੀ ਜ਼ਿਆਦਾ ਓਵਰਸਬਸਕ੍ਰਾਈਬ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ 5 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ UAE; ਰੱਖਿਆ, ਊਰਜਾ ਅਤੇ ਗੈਸ ਸਪਲਾਈ 'ਤੇ ਵੀ ਹੋਏ ਸਮਝੌਤੇ 

ਬਾਂਡ ਦੀਆਂ ਮੁੱਖ ਸ਼ਰਤਾਂ:

ਵਿਆਜ ਦਰ: ਇਸ ਬਾਂਡ 'ਤੇ 2.5 ਫੀਸਦੀ ਦੀ ਨਿਸ਼ਚਿਤ ਵਿਆਜ ਦਰ ਦਿੱਤੀ ਜਾਵੇਗੀ।
ਮਿਆਦ: ਇਸ ਦੀ ਮਿਆਦ 3 ਸਾਲ ਰੱਖੀ ਗਈ ਹੈ।
ਸਮਰਥਨ: ਇਸ ਪੂਰੀ ਪ੍ਰਕਿਰਿਆ ਨੂੰ ਏਸ਼ੀਆਈ ਵਿਕਾਸ ਬੈਂਕ (ADB) ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (AIIB) ਦਾ ਸਮਰਥਨ ਪ੍ਰਾਪਤ ਹੈ।

ਖੁਰਰਮ ਸ਼ਹਿਜ਼ਾਦ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿੱਤੀ ਲੈਣ-ਦੇਣ ਨਹੀਂ ਹੈ, ਸਗੋਂ ਇਹ ਪਾਕਿਸਤਾਨ ਤੇ ਚੀਨ ਵਿਚਕਾਰ ਵਿੱਤੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਮੁਤਾਬਕ ਨਿਵੇਸ਼ਕਾਂ ਦੀ ਭਾਰੀ ਮੰਗ ਇਹ ਦਰਸਾਉਂਦੀ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਦੀ ਆਰਥਿਕ ਰਿਕਵਰੀ ਅਤੇ ਸੁਧਾਰਾਂ ਨੂੰ ਮਾਨਤਾ ਮਿਲ ਰਹੀ ਹੈ।ਪਾਕਿਸਤਾਨ ਲਗਾਤਾਰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਯੂਰੋਬਾਂਡ ਰਾਹੀਂ 750 ਮਿਲੀਅਨ ਡਾਲਰ ਜੁਟਾਏ ਸਨ। ਸਊਦੀ ਅਰਬ ਤੋਂ 3 ਅਰਬ ਡਾਲਰ ਦੀ ਜਮ੍ਹਾਂ ਰਾਸ਼ੀ ਪ੍ਰਾਪਤ ਹੋਈ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਤੋਂ ਵੀ 1.3 ਅਰਬ ਡਾਲਰ ਦੀ ਮਦਦ ਮਿਲੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨੀ ਬਾਜ਼ਾਰ 'ਚ ਪਾਕਿਸਤਾਨ ਦੀ ਇਸ ਐਂਟਰੀ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਆਰਥਿਕ ਸਥਿਰਤਾ ਨੂੰ ਹੋਰ ਹੁਲਾਰਾ ਮਿਲ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News