''ਜਦੋਂ ਗੇਟ ''ਤੇ ਰੋਕਿਆ ਤਾਂ ਖੁਦ ਨੂੰ ਉਡਾ ਲਿਆ'', ਆਤਮਘਾਤੀ ਹਮਲੇ ਨਾਲ ਦਹਿਲਿਆ ਪਾਕਿਸਤਾਨ
Friday, Feb 06, 2026 - 08:24 PM (IST)
ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਲ ਗਈ ਜਦੋਂ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਮਸਜਿਦ ਵਿਚ ਹੋਏ ਆਤਮਘਾਤੀ ਧਮਾਕੇ ਵਿਚ 31 ਲੋਕਾਂ ਦੀ ਮੌਤ ਹੋ ਗਈ ਅਤੇ 169 ਹੋਰ ਜ਼ਖਮੀ ਹੋ ਗਏ। ਇਹ ਖ਼ੂਨੀ ਹਮਲਾ ਤਰਲਾਈ ਇਲਾਕੇ ਵਿੱਚ ਸਥਿਤ ਖਦੀਜਾਤੁਲ ਕੁਬਰਾ ਮਸਜਿਦ-ਕਮ-ਇਮਾਮਬਾੜਾ ਵਿੱਚ ਹੋਇਆ।
ਗੇਟ 'ਤੇ ਰੋਕਣ 'ਤੇ ਹਮਲਾਵਰ ਨੇ ਖੁਦ ਨੂੰ ਉਡਾਇਆ
ਪ੍ਰਤੱਖਦਰਸ਼ੀਆਂ ਮੁਤਾਬਕ ਜਦੋਂ ਮਸਜਿਦ ਦੇ ਮੁੱਖ ਗੇਟ 'ਤੇ ਤਾਇਨਾਤ ਗਾਰਡ ਨੇ ਸ਼ੱਕੀ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹਮਲਾਵਰ ਨਮਾਜ਼ ਵਾਲੀ ਥਾਂ ਵੱਲ ਦੌੜਿਆ ਅਤੇ ਖੁਦ ਨੂੰ ਉਡਾ ਲਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਚੂਰ-ਚੂਰ ਹੋ ਗਏ।
ਵਿਦੇਸ਼ੀ ਮਹਿਮਾਨ ਦੀ ਮੌਜੂਦਗੀ ਦੌਰਾਨ ਹੋਇਆ ਹਮਲਾ
ਇਹ ਆਤਮਘਾਤੀ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਰਜ਼ੀਯੋਯੇਵ ਪਾਕਿਸਤਾਨ ਦੇ ਦੋ ਦਿਨਾਂ ਸਰਕਾਰੀ ਦੌਰੇ 'ਤੇ ਹਨ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਪੁਲਸ ਸੂਤਰਾਂ ਅਨੁਸਾਰ ਹਮਲਾਵਰ ਇੱਕ ਵਿਦੇਸ਼ੀ ਨਾਗਰਿਕ ਸੀ ਜਿਸ ਦੇ ਸਬੰਧ ‘ਫਿਤਨਾ ਅਲ ਖਵਾਰਜੀ’ (ਤਹਿਰੀਕ-ਏ-ਤਾਲੀਬਾਨ ਪਾਕਿਸਤਾਨ) ਨਾਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਹਸਪਤਾਲਾਂ 'ਚ ਐਮਰਜੈਂਸੀ ਲਾਗੂ
ਧਮਾਕੇ ਤੋਂ ਤੁਰੰਤ ਬਾਅਦ ਪਾਕਿਸਤਾਨੀ ਸੈਨਾ ਅਤੇ ਰੇਂਜਰਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਇਸਲਾਮਾਬਾਦ ਦੇ ਪੀ.ਆਈ.ਐੱਮ.ਐੱਸ. (PIMS), ਪੌਲੀਕਲੀਨਿਕ ਅਤੇ ਸੀ.ਡੀ.ਏ. ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਖਮੀਆਂ ਦੀ ਸਹਾਇਤਾ ਲਈ ਹਸਪਤਾਲ ਦੇ ਬਰਨ ਸੈਂਟਰ, ਆਰਥੋਪੈਡਿਕ ਅਤੇ ਨਿਊਰੋਲੋਜੀ ਵਿਭਾਗਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਵੱਡੇ ਆਗੂਆਂ ਵੱਲੋਂ ਨਿੰਦਾ
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਵਿਰੋਧੀ ਧਿਰ ਦੇ ਨੇਤਾ ਅੱਲਾਮਾ ਰਾਜਾ ਨਾਸਿਰ ਅੱਬਾਸ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਰਾਸ਼ਟਰਪਤੀ ਜ਼ਰਦਾਰੀ ਨੇ ਕਿਹਾ ਕਿ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ਵਿਰੁੱਧ ਅਪਰਾਧ ਹੈ, ਜਦਕਿ ਅੱਬਾਸ ਨੇ ਇਸ ਨੂੰ ਧਰਮ ਅਤੇ ਸਮਾਜਿਕ ਕਦਰਾਂ-ਕੀਮਤਾਂ 'ਤੇ ਸਿੱਧਾ ਹਮਲਾ ਕਰਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
