ਪਾਕਿਸਤਾਨ ਨੇ ਸਕੂਲੀ ਕਿਤਾਬਾਂ ’ਚ ਆਪ੍ਰੇਸ਼ਨ ਸਿੰਦੂਰ ਸਬੰਧੀ ਝੂਠ ਦਾ ਪੁਲੰਦਾ ਕੀਤਾ ਸ਼ਾਮਲ

Saturday, Sep 27, 2025 - 02:08 PM (IST)

ਪਾਕਿਸਤਾਨ ਨੇ ਸਕੂਲੀ ਕਿਤਾਬਾਂ ’ਚ ਆਪ੍ਰੇਸ਼ਨ ਸਿੰਦੂਰ ਸਬੰਧੀ ਝੂਠ ਦਾ ਪੁਲੰਦਾ ਕੀਤਾ ਸ਼ਾਮਲ

ਗੁਰਦਾਸਪੁਰ (ਵਿਨੋਦ) : ਪਾਕਿਸਤਾਨ 1971 ਦੀ ਜੰਗ, ਕਾਰਗਿਲ ਜੰਗ ਅਤੇ ਕ੍ਰਿਕਟ ਵਿਚ ਆਪਣੀ ਸ਼ਰਮਨਾਕ ਹਾਰ ਬਾਰੇ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਹਮੇਸ਼ਾ ਵਾਂਗ ਪਾਕਿਸਤਾਨ ਆਪਣੀ ਨਵੀਂ ਪੀੜ੍ਹੀ ਨੂੰ ਸਕੂਲੀ ਪਾਠਕ੍ਰਮਾਂ ਵਿਚ ਝੂਠੀਆਂ ਕਹਾਣੀਆਂ ਨਾਲ ਗੁੰਮਰਾਹ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਮਈ 2025 ਵਿਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਬਾਰੇ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਆਪਣੀਆਂ ਸਕੂਲੀ ਪਾਠਕ੍ਰਮਾਂ ਵਿਚ ਸ਼ਾਮਲ ਕਰ ਕੇ ਆਪਣੇ ਲੋਕਾਂ ਨੂੰ ਮੂਰਖ ਬਣਾਉਣ ਦੀ ਸਾਜ਼ਿਸ਼ ਰਚੀ ਹੈ। ਆਪ੍ਰੇਸ਼ਨ ਸਿੰਦੂਰ ਬਾਰੇ ਫੈਲੀ ਇਹ ਗਲਤ ਜਾਣਕਾਰੀ ਦਰਸਾਉਂਦੀ ਹੈ ਕਿ ਪਾਕਿਸਤਾਨ ਆਪਣੇ ਫਾਇਦੇ ਲਈ ਇਤਿਹਾਸ ਨੂੰ ਵਿਗਾੜਨ ਵਿਚ ਅਟੱਲ ਹੈ।

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨੀ ਪਾਠਕ੍ਰਮਾਂ ਦਾ ਦਾਅਵਾ ਹੈ ਕਿ ਪਾਕਿਸਤਾਨੀ ਫੌਜ ਨੇ 26 ਮਹੱਤਵਪੂਰਨ ਭਾਰਤੀ ਸਥਾਪਨਾਵਾਂ ਅਤੇ ਹਵਾਈ ਅੱਡਿਆਂ ’ਤੇ ਹਮਲਾ ਕੀਤਾ ਸੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਾਰ-ਵਾਰ ਅਪੀਲਾਂ ਤੋਂ ਬਾਅਦ ਹੀ ਜੰਗਬੰਦੀ ਲਈ ਸਹਿਮਤੀ ਦਿੱਤੀ ਸੀ। ਅਸਲੀਅਤ ਇਹ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਵਿਚ ਆਮ ਨਾਗਰਿਕਾਂ ਅਤੇ ਅੱਤਵਾਦੀਆਂ ਦੀ ਵਰਤੋਂ ਕਰ ਕੇ ਹਮਲੇ ਕੀਤੇ, ਜਿਸ ਦੇ ਜਵਾਬ ਵਿਚ ਭਾਰਤ ਨੇ ਸਟੀਕ ਫੌਜੀ ਕਾਰਵਾਈ ਨਾਲ ਜਵਾਬ ਦਿੱਤਾ, 11 ਪਾਕਿਸਤਾਨੀ ਏਅਰਬੇਸ ਤਬਾਹ ਕਰ ਦਿੱਤੇ। ਪਾਕਿਸਤਾਨ ਨੇ ਸਕੂਲੀ ਪਾਠਕ੍ਰਮ ਵਿਚ ਜੋ ਝੂਠ ਸ਼ਾਮਲ ਕੀਤਾ ਹੈ, ਉਸ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ 6 ਮਈ, 2025 ਨੂੰ ਪਾਕਿਸਤਾਨ ’ਤੇ ਹਮਲਾ ਕੀਤਾ।

ਅਸਲੀਅਤ ਇਹ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ ’ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਠ-ਪੁਸਤਕ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਫੌਜ ਨੇ ਭਾਰਤੀ ਟਿਕਾਣਿਆਂ ’ਤੇ ਹਮਲਾ ਕੀਤਾ। ਅਸਲੀਅਤ ਇਹ ਹੈ ਕਿ ਪਾਕਿਸਤਾਨ ਨੇ ਨਾਗਰਿਕ ਇਲਾਕਿਆਂ ’ਤੇ ਹਮਲਾ ਕੀਤਾ। ਭਾਰਤ ਨੇ ਸਿਆਲਕੋਟ, ਲਾਹੌਰ ਅਤੇ ਇਸਲਾਮਾਬਾਦ ਸਮੇਤ ਪਾਕਿਸਤਾਨੀ ਫੌਜੀ ਟਿਕਾਣਿਆਂ ਦਾ ਸਖ਼ਤ ਜਵਾਬ ਦਿੱਤਾ। ਪਾਕਿਸਤਾਨੀ ਕਿਤਾਬਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਭਾਰਤੀ ਹਵਾਈ ਟਿਕਾਣਿਆਂ ਅਤੇ 26 ਰਣਨੀਤਿਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਸੱਚਾਈ ਇਹ ਹੈ ਕਿ ਭਾਰਤੀ ਹਵਾਈ ਸੈਨਾ ਨੇ ਬ੍ਰਹਮੋਸ ਮਿਜ਼ਾਈਲਾਂ ਨਾਲ 11 ਪਾਕਿਸਤਾਨੀ ਏਅਰਬੇਸ ਤਬਾਹ ਕਰ ਦਿੱਤੇ, ਜਿਨ੍ਹਾਂ ਵਿਚ ਮੁਰੀਦ, ਨੂਰ ਖਾਨ, ਰਫੀਕੀ, ਸਰਗੋਧਾ, ਚੱਕਲਾਲਾ ਅਤੇ ਰਹੀਮ ਯਾਰ ਖਾਨ ਸ਼ਾਮਲ ਹਨ।

ਆਪਣੀਆਂ ਕਿਤਾਬਾਂ ਵਿਚ ਪਾਕਿਸਤਾਨ ਨੇ ਲਿਖਿਆ ਕਿ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਜੰਗਬੰਦੀ ਦੀ ਬੇਨਤੀ ਕੀਤੀ ਸੀ। ਅਸਲੀਅਤ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਕਿਸੇ ਵੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰੇਗਾ। ਅਮਰੀਕੀ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੀ ਵਿਚੋਲਗੀ ਦੇ ਬਾਵਜੂਦ ਪਾਕਿਸਤਾਨ ਨੂੰ ਭਾਰਤ ਨਾਲ ਸਿੱਧੇ ਤੌਰ ’ਤੇ ਜੰਗਬੰਦੀ ਲਈ ਗੱਲਬਾਤ ਕਰਨੀ ਪਈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਨੇ ਵੀ ਮੰਨਿਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਤੀਜੀ ਧਿਰ ਦੀ ਦਖਲਅੰਦਾਜ਼ੀ ਨੂੰ ਰੱਦ ਕਰ ਦਿੱਤਾ ਹੈ। ਇਹ ਧਿਆਨਦੇਣ ਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਝੂਠ ਦਾ ਸਹਾਰਾ ਲਿਆ ਹੈ। ਪਾਕਿਸਤਾਨ ਨੇ ਹਮੇਸ਼ਾ ਆਪਣੇ ਮੰਤਵਾਂ ਲਈ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। 1971 ਦੀ ਜੰਗ ਵਿਚ ਵੀ ਪਾਕਿਸਤਾਨ ਨੇ ਆਪਣੇ ਆਪ ਨੂੰ ਜੇਤੂ ਕਿਹਾ ਸੀ, ਜਦ ਕਿ ਇਸ ਦੇ 93 ਹਜ਼ਾਰ ਫੌਜੀਆਂ ਨੇ ਭਾਰਤ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ ਅਤੇ ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ।


author

cherry

Content Editor

Related News