ਸਿਰਫ਼ ਹਾਦਸਾ ਨਹੀਂ, ਪ੍ਰਸ਼ਾਸਨਿਕ ਗ਼ਲਤੀ ਦਾ ਨਤੀਜਾ ਹੈ ਪਾਕਿਸਤਾਨ ਦੇ ਹਸਪਤਾਲ ''ਚ 14 ਜਵਾਕਾਂ ਦੀ ਮੌਤ

Thursday, Sep 17, 2026 - 03:13 PM (IST)

ਸਿਰਫ਼ ਹਾਦਸਾ ਨਹੀਂ, ਪ੍ਰਸ਼ਾਸਨਿਕ ਗ਼ਲਤੀ ਦਾ ਨਤੀਜਾ ਹੈ ਪਾਕਿਸਤਾਨ ਦੇ ਹਸਪਤਾਲ ''ਚ 14 ਜਵਾਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- 26 ਅਗਸਤ ਨੂੰ ਪਾਕਿਸਤਾਨ ਦੇ PIMS ਹਸਪਤਾਲ ਦੀ ਨਵਜੰਮੇ ਬੱਚਿਆਂ ਦੀ ਵਾਰਡ 'ਚ ਅੱਗ ਲੱਗਣ ਕਾਰਨ 14 ਬੱਚਿਆਂ ਦੀ ਮੌਤ ਹੋ ਗਈ ਸੀ। ਇੱਕ ਸੇਵਾਮੁਕਤ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਬਣੀ ਜਾਂਚ ਕਮੇਟੀ ਦੀ ਰਿਪੋਰਟ 'ਚ ਇਸ ਘਟਨਾ ਨੂੰ ਸਿਸਟਮ ਦੀ ਨਾਕਾਮੀ ਦੱਸਿਆ ਹੈ।

ਜਾਣਕਾਰੀ ਅਨੁਸਾਰ ਇਹ ਅੱਗ 26 ਅਗਸਤ ਸਵੇਰੇ 06:38 ਵਜੇ ਏਅਰ ਕੰਡੀਸ਼ਨਰ ਦੀ ਬਿਜਲੀ ਵਾਲੀ ਕੇਬਲ ਓਵਰਹੀਟ ਹੋਣ ਨਾਲ ਨਿਕਲੀ ਛੋਟੀ ਜਿਹੀ ਚੰਗਿਆੜੀ ਤੋਂ ਭੜਕੀ ਸੀ। ਇਸ ਅੱਗ ਨੇ ਤੇਜ਼ੀ ਨਾਲ ਪਲਾਸਟਿਕ, ਮੈਡੀਕਲ ਉਪਕਰਨਾਂ ਅਤੇ ਡਸਟਬਿਨ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਆਕਸੀਜਨ ਸਪਲਾਈ ਨੇ ਇਸ ਨੂੰ ਹੋਰ ਭੜਕਾ ਦਿੱਤਾ। 2018 'ਚ ਹਸਪਤਾਲ ਦੇ ਏ.ਸੀ. ਬਦਲਣ ਦੀ ਮਨਜ਼ੂਰੀ ਮਿਲੀ ਸੀ, ਪਰ 8 ਸਾਲ ਬੀਤਣ ਦੇ ਬਾਵਜੂਦ ਇਹ ਕੰਮ ਨਹੀਂ ਕੀਤਾ ਗਿਆ ਸੀ, ਜਿਸ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਰਡ 'ਚ ਕੋਈ ਵੀ ਸਮੋਕ ਡਿਟੈਕਟਰ, ਫਾਇਰ ਅਲਾਰਮ ਜਾਂ ਸਪ੍ਰਿੰਕਲਰ ਸਿਸਟਮ ਨਹੀਂ ਸੀ, ਜਿਸ ਕਾਰਨ ਹਾਦਸਾ ਹੋਰ ਭਿਆਨਕ ਰੂਪ ਧਾਰਨ ਕਰ ਗਿਆ।

ਇਹ ਵੀ ਪੜ੍ਹੋ- ਜਨਮ ਤੇ ਮੌਤ ਰਜਿਸਟ੍ਰੇਸ਼ਨ ਦੇ ਨਿਯਮਾਂ 'ਚ ਵੱਡਾ ਬਦਲਾਅ ! 1 ਅਕਤੂਬਰ ਤੋਂ ਹੋਵੇਗਾ ਲਾਗੂ

ਇਹੀ ਨਹੀਂ, ਹਸਪਤਾਲ ਦੇ ਸਟਾਫ਼ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਨਵਜੰਮੇ ਬੱਚਿਆਂ ਨੂੰ ਬਾਹਰ ਕੱਢਣ ਜਾਂ ਆਕਸੀਜਨ ਸਪਲਾਈ ਬੰਦ ਕਰਨ ਦੀ ਵੀ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਸੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਰੈਸਕਿਊ ਟੀਮਾਂ ਅਨੁਸਾਰ ਇਮਾਰਤ ਦੇ ਮੇਨ ਤੇ ਐਮਰਜੈਂਸੀ ਦਰਵਾਜ਼ੇ ਵੀ ਲਾਕਡ ਸਨ, ਜਿਸ ਕਾਰਨ ਬਚਾਅ ਕਰਮਚਾਰੀਆਂ ਨੂੰ ਖਿੜਕੀਆਂ ਤੋੜ ਕੇ ਅੰਦਰ ਵੜਨਾ ਪਿਆ। ਹਸਪਤਾਲ ਪ੍ਰਸ਼ਾਸਨ ਨੇ ਦਰਵਾਜ਼ੇ ਬੰਦ ਹੋਣ ਦਾ ਕਾਰਨ ਬੱਚਿਆਂ ਦੀ ਚੋਰੀ ਰੋਕਣ ਲਈ ਸੁਰੱਖਿਆ ਇੰਤਜ਼ਾਮ ਦੱਸਿਆ, ਪਰ ਰਿਪੋਰਟ ਅਨੁਸਾਰ ਸੁਰੱਖਿਆ ਕਾਰਨਾਂ ਕਰ ਕੇ ਐਮਰਜੈਂਸੀ ਰਸਤੇ ਬੰਦ ਨਹੀਂ ਕੀਤੇ ਜਾ ਸਕਦੇ। ਇਸ ਹਾਦਸੇ ਬਾਰੇ ਅੱਗ ਲੱਗਣ ਤੋਂ ਲਗਭਗ 20 ਮਿੰਟ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ ਅਤੇ 07:01 ਵਜੇ ਪਹਿਲੀ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ।

ਇਸ ਹਾਦਸੇ ਤੋਂ ਇੱਕ ਮਹੀਨਾ ਪਹਿਲਾਂ ਵੀ ਹਸਪਤਾਲ ਦੇ ਨਰਸਿੰਗ ਹੋਸਟਲ ਵਿੱਚ ਅੱਗ ਲੱਗੀ ਸੀ, ਜਿਸ ਨਾਲ ਸੁਰੱਖਿਆ ਖਾਮੀਆਂ ਉਜਾਗਰ ਹੋਈਆਂ ਸਨ, ਪਰ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀਂ ਲਿਆ। ਇਸ ਮਾਮਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਰਿਪੋਰਟ ਦੀਆਂ ਸਿਫ਼ਾਰਸ਼ਾਂ ਨੂੰ 3 ਮਹੀਨਿਆਂ ਦੇ ਅੰਦਰ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਦੇਸ਼ ਦੀਆਂ ਸਾਰੀਆਂ ਸਰਕਾਰੀ ਅਤੇ ਨਿੱਜੀ ਇਮਾਰਤਾਂ 'ਚ ਫਾਇਰ ਸੇਫ਼ਟੀ ਆਡਿਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਲਾਪਰਵਾਹੀ ਲਈ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ 'ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ ਰਹੇਗੀ ਖਰੀਦਦਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News