ਪਾਕਿਸਤਾਨੀ ਹਸਪਤਾਲ ''ਚ ਹੈਰਾਨੀਜਨਕ ਕਾਰਾ ! ਪੁਰਾਣੀਆਂ ਸੂਈਆਂ ਨਾਲ ਟੀਕੇ ਲਾ 78 ਜਵਾਕਾਂ ਨੂੰ ਕਰਾ''ਤੀ HIV
Sunday, Jul 19, 2026 - 11:55 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਵੱਡੇ ਸਰਕਾਰੀ ਹਸਪਤਾਲ ਦੀ ਗੰਭੀਰ ਲਾਪਰਵਾਹੀ ਕਾਰਨ ਘੱਟੋ-ਘੱਟ 78 ਮਾਸੂਮ ਬੱਚੇ ਐੱਚ.ਆਈ.ਵੀ. ਇਨਫੈਕਸ਼ਨ ਦਾ ਸ਼ਿਕਾਰ ਹੋ ਗਏ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਸਪਤਾਲ 'ਚ ਪਹਿਲਾਂ ਵਰਤੀਆਂ ਜਾ ਚੁੱਕੀਆਂ ਸੂਈਆਂ ਅਤੇ ਮੈਡੀਕਲ ਕੂੜੇ ਦੇ ਪ੍ਰਬੰਧਨ 'ਚ ਅਜਿਹੀਆਂ ਭਿਆਨਕ ਖ਼ਾਮੀਆਂ ਸਨ, ਜਿਨ੍ਹਾਂ ਨੇ ਸੈਂਕੜੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ। ਸਿੰਧ ਹੈਲਥਕੇਅਰ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਬਾਅਦ ਪੂਰੇ ਸਿਹਤ ਵਿਭਾਗ ਵਿਚ ਹਫੜਾ-ਦਫੜੀ ਮਚ ਗਈ।
ਕਰਾਚੀ ਦੇ ਸਾਈਟ ਇਲਾਕੇ ’ਚ ਸਥਿਤ ‘ਸਿੰਧ ਇੰਪਲਾਈਜ਼ ਸੋਸ਼ਲ ਸਕਿਓਰਿਟੀ ਇੰਸਟੀਚਿਊਸ਼ਨ’ ਦੀ ਦੇਖ-ਰੇਖ ਹੇਠ ਚੱਲਣ ਵਾਲੇ ਵਾਲਿਕਾ ਹਸਪਤਾਲ ਵਿਚ ਇਹ ਇਨਫੈਕਸ਼ਨ ਫੈਲੀ। ਸ਼ੁਰੂਆਤ ਵਿਚ ਹਸਪਤਾਲ ਦੇ ਅੰਦਰ ਬੱਚਿਆਂ ਵਿਚ ਐੱਚ.ਆਈ.ਵੀ. ਫੈਲਣ ਦੀ ਗੱਲ ਸਾਹਮਣੇ ਆਈ। ਇਹ ਬੀਮਾਰੀ ਫੈਲਣ ਤੋਂ ਬਾਅਦ ਹਸਪਤਾਲ ਦੇ ਆਲੇ-ਦੁਆਲੇ ਰਹਿਣ ਵਾਲੇ 10,500 ਤੋਂ ਵੱਧ ਲੋਕਾਂ ਦੀ ਤੁਰੰਤ ਸਕ੍ਰੀਨਿੰਗ ਕੀਤੀ ਗਈ। ਬੱਚਿਆਂ ਤੋਂ ਇਲਾਵਾ ਇਲਾਕੇ ਦੇ 120 ਹੋਰ ਲੋਕ ਵੀ ਐੱਚ.ਆਈ.ਵੀ. ਪਾਜ਼ੇਟਿਵ ਪਾਏ ਗਏ ਹਨ।
