ਪਾਕਿ 'ਚ ਸ਼ਰਧਾਪੂਰਵਕ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿਘ ਜੀ ਦਾ ਪ੍ਰਕਾਸ਼ ਦਿਹਾੜਾ
Wednesday, Jan 06, 2021 - 01:26 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ, ਉਤਸ਼ਾਹ ਤੇ ਪੂਰੀ ਸ਼ਾਨੋ-ਸ਼ੌਕਤ ਨਾਲ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ ਵਿਚ ਮਨਾਇਆ ਗਿਆ। ਇਹ ਪਵਿੱਤਰ ਦਿਹਾੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਸਾਂਝੇ ਤੌਰ 'ਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਉਹਨਾਂ ਦੇ ਇਲਾਵਾ ਸ੍ਰੀ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਡੀ.ਪੀ.ਓ., ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਡਾਕਟਰ ਮਿਮਪਾਲ ਸਿੰਘ, ਐੱਮ.ਪੀ.ਏ., ਮਹਿੰਦਰਪਾਲ ਸਿੰਘ, ਪਵਨ ਅਰੋੜਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਦੌਰਾਨ ਗਵਰਨਰ ਸਰਵਰ ਵੱਲੋਂ ਹਾਜ਼ਰ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਉੱਧਰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਏ ਗਏ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਮਨੁੱਖੀ ਅਧਿਕਾਰ ਮੰਤਰੀ ਇਜਾਜ਼ ਆਲਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਪੀ.ਐੱਸ.ਜੀ.ਪੀ.ਸੀ. ਪ੍ਰਧਾਨ ਸਤਵੰਤ ਸਿੰਘ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਪਛਾਣ ਦੱਸਦਿਆਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਚ ਸਾਰੇ ਧਾਰਮਿਕ ਦਿਹਾੜੇ ਤੇ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਮਨਾਏ ਜਾਣਗੇ।
ਕਰਵਾਏ ਗਏ ਧਾਰਮਿਕ ਮੁਕਾਬਲੇ
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਚ ਪ੍ਰਕਾਸ਼ ਪੁਰਬ ਮੌਕੇ ਯੰਗ ਸਿੰਘ ਸੇਵਾ ਸੁਸਾਇਟੀ ਸ੍ਰੀ ਨਨਕਾਣਾ ਸਾਹਿਬ ਵੱਲੋਂ ਗੁਰੂ ਨਾਨਕ ਜੀ ਪਬਲਿਕ ਸਕੂਲ ਅਤੇ ਹੋਰਨਾਂ ਸਕੂਲਾਂ ਦੇ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਲਿਖੀਆਂ ਕਵਿਤਾਵਾਂ ਪੜ੍ਹੀਆਂ ਗਈਆਂ। ਇਸ ਮੌਕੇ ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਦੀ ਵਿਸ਼ਾਲ ਗਰਾਊਂਡ ਵਿਚ ਸਕੂਲੀ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣ ਦੇ ਨਾਲ-ਨਾਲ ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਵਿਦਿਆਰਥੀਆਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨਾ ਹਾਲ ਸਮੇਤ ਹੋਰਨਾਂ ਭਵਨਾਂ ਨੂੰ ਵਿਸ਼ੇਸ਼ ਤੌਰ 'ਤੇ ਰੰਗੀਨ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਇਸ ਦੌਰਾਨ ਗੁਰ ਘਰ ਦੇ ਲੰਗਰ ਵੀ ਵਰਤਾਏ ਗਏ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।