ਪਾਕਿਸਤਾਨ ਸਰਕਾਰ ਨੇ ਨਾਗਰਿਕਾਂ 'ਤੇ ਸੁੱਟਿਆ 'ਪੈਟਰੋਲ ਬੰਬ', ਮੁੜ ਵਧਾਈਆਂ ਕੀਮਤਾਂ

Thursday, Feb 16, 2023 - 10:20 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਲੋਕ ਪਹਿਲਾਂ ਹੀ ਇਤਿਹਾਸਕ ਮਹਿੰਗਾਈ ਦੇ ਬੋਝ ਹੇਠ ਦੱਬੇ ਹੋਏ ਹਨ। ਇਸ ਦੌਰਾਨ ਸ਼ਾਹਬਾਜ਼ ਸਰਕਾਰ ਨੇ ਲੋਕਾਂ 'ਤੇ ਵੱਡਾ 'ਪੈਟਰੋਲ ਬੰਬ' ਸੁੱਟਿਆ ਹੈ। ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀਆਂ ਸ਼ਰਤਾਂ ਅੱਗੇ ਝੁਕਦਿਆਂ ਪਾਕਿਸਤਾਨ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ ਇਤਿਹਾਸਕ ਵਾਧਾ ਕੀਤਾ ਹੈ। ਪਾਕਿਸਤਾਨ ਕਿਸੇ ਵੀ ਹਾਲਤ 'ਚ ਆਈ.ਐੱਮ.ਐੱਫ. ਤੋਂ ਕਰਜ਼ਾ ਲੈਣਾ ਚਾਹੁੰਦਾ ਹੈ ਅਤੇ ਇਸ ਲਈ ਸਰਕਾਰ 'ਮਿੰਨੀ ਬਜਟ' ਲੈ ਕੇ ਆਈ ਹੈ। ਸੰਕਟ 'ਚ ਘਿਰੇ ਦੇਸ਼ 'ਚ 22.20 ਰੁਪਏ ਦੇ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 272 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵਿੱਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ।

ਪਾਕਿਸਤਾਨੀ ਨਿਊਜ਼ ਵੈੱਬਸਾਈਟ ਜੀਓ ਟੀਵੀ ਦੀ ਖ਼ਬਰ ਮੁਤਾਬਕ ਹਾਈ ਸਪੀਡ ਡੀਜ਼ਲ ਦੀ ਕੀਮਤ 17.20 ਰੁਪਏ ਵਧ ਕੇ 280 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮਿੱਟੀ ਦਾ ਤੇਲ (ਕੈਰੋਸੀਨ) 12.90 ਰੁਪਏ ਦੇ ਵਾਧੇ ਤੋਂ ਬਾਅਦ ਹੁਣ 202.73 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੈ। ਇਸ ਦੌਰਾਨ ਲਾਈਟ ਡੀਜ਼ਲ 9.68 ਰੁਪਏ ਦੇ ਵਾਧੇ ਤੋਂ ਬਾਅਦ 196.68 ਰੁਪਏ ਪ੍ਰਤੀ ਲੀਟਰ 'ਤੇ ਮਿਲੇਗਾ। ਪਾਕਿਸਤਾਨ ਵਿੱਚ ਨਵੀਆਂ ਕੀਮਤਾਂ ਬੁੱਧਵਾਰ ਅੱਧੀ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਗਈਆਂ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: CSPA ਤਹਿਤ ਨੀਤੀਗਤ ਨਿਯਮਾਂ 'ਚ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਮਹਿੰਗਾਈ ਦਰ 33 ਫੀਸਦੀ ਤੱਕ ਜਾਵੇਗੀ

ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ IMF ਦੀਆਂ ਮੁੱਖ ਸ਼ਰਤਾਂ ਵਿੱਚੋਂ ਇੱਕ ਸੀ। ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪਹਿਲਾਂ ਹੀ ਰਿਕਾਰਡ ਉੱਚ ਪੱਧਰ 'ਤੇ ਹਨ। ਮੂਡੀਜ਼ ਐਨਾਲਿਟਿਕਸ ਦੇ ਨਾਲ ਸੀਨੀਅਰ ਅਰਥ ਸ਼ਾਸਤਰੀ ਕੈਟਰੀਨਾ ਐਲ ਨੇ ਭਵਿੱਖਬਾਣੀ ਕੀਤੀ ਹੈ ਕਿ ਪਾਕਿਸਤਾਨ ਵਿੱਚ ਮਹਿੰਗਾਈ 2023 ਦੀ ਪਹਿਲੀ ਛਿਮਾਹੀ ਵਿੱਚ ਔਸਤਨ 33 ਫੀਸਦੀ ਰਹਿ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ IMF ਦਾ ਰਾਹਤ ਪੈਕੇਜ ਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਲੀਹ 'ਤੇ ਨਹੀਂ ਲਿਆ ਸਕਦਾ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 35 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਐਲਾਨ ਕੀਤਾ ਸੀ। ਇਸ ਕਾਰਨ ਪਾਕਿਸਤਾਨ ਦੇ ਲੋਕਾਂ ਵਿੱਚ ਪਹਿਲਾਂ ਹੀ ਗੁੱਸਾ ਸੀ। ਹੁਣ ਇੱਕ ਮਹੀਨੇ ਦੇ ਅੰਦਰ ਹੀ ਦੇਸ਼ ਵਿੱਚ ਪੈਟਰੋਲ 57 ਰੁਪਏ, ਡੀਜ਼ਲ 62 ਰੁਪਏ ਮਹਿੰਗਾ ਹੋ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News