ਪਾਕਿਸਤਾਨ ''ਚ ਹੜ੍ਹ: ਅਮਰੀਕਾ ਨੇ ਸਹਿਯੋਗ ਲਈ ਇਸ ਸਾਲ ਦਿੱਤੀ 5.30 ਕਰੋੜ ਡਾਲਰ ਤੋਂ ਵਧੇਰੇ ਰਾਸ਼ੀ

09/16/2022 5:00:25 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਪਾਕਿਸਤਾਨ ਨੂੰ ਹੜ੍ਹ ਅਤੇ ਆਫ਼ਤ ਦੀ ਸਹਾਇਤਾ ਦੇ ਹਿੱਸੇ ਵਜੋਂ ਇਸ ਸਾਲ 5.30 ਕਰੋੜ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਕਦੀ ਦੀ ਕਮੀ ਨਾਲ ਜੂਝ ਰਿਹਾ ਪਾਕਿਸਤਾਨ ਪਿਛਲੇ 30 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਜੂਨ ਦੇ ਸ਼ੁਰੂ ਤੋਂ ਲੈਕੇ ਹੁਣ ਤੱਕ 1,400 ਤੋਂ ਵੱਧ ਨਾਗਰਿਕ ਮਾਰੇ ਗਏ ਹਨ ਅਤੇ 3.30 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ ਅਤੇ ਹਰ ਸੱਤ ਵਿੱਚੋਂ ਇੱਕ ਵਿਅਕਤੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 

ਇਸ ਹੜ੍ਹ ਸੰਕਟ ਕਾਰਨ ਪਾਕਿਸਤਾਨ ਨੂੰ 12 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ 78,000 ਵਰਗ ਕਿਲੋਮੀਟਰ ਫਸਲ ਪਾਣੀ ਵਿੱਚ ਡੁੱਬ ਗਈ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 'ਅਸੀਂ ਹੜ੍ਹ ਅਤੇ ਆਫ਼ਤਾਂ ਨਾਲ ਨਜਿੱਠਣ ਲਈ ਇਸ ਸਾਲ ਪਾਕਿਸਤਾਨ ਨੂੰ 5.31 ਕਰੋੜ ਡਾਲਰ ਤੋਂ ਵੱਧ ਦੀ ਮਦਦ ਦਿੱਤੀ ਹੈ। ਇਸ ਤੋਂ ਇਲਾਵਾ ਯੂਐਸ ਸੈਂਟਰਲ ਕਮਾਂਡ (Centcom) ਤਿੰਨ ਲੱਖ ਲੋਕਾਂ ਨੂੰ ਆਸਰਾ ਅਤੇ ਹੋਰ ਘਰੇਲੂ ਸਮਾਨ ਦੀ ਸਹਾਇਤਾ ਲਈ 41,200 ਕਿਚਨ ਸ਼ੀਟਸ, 1,500 ਪਲਾਸਟਿਕ ਸ਼ੀਟਸ, 35,000 ਪਲਾਸਟਿਕ ਤਰਪਾਲਾਂ ਅਤੇ 8,700 ਆਸਰਾ ਉਪਕਰਣਾਂ ਦੀ ਸਪਲਾਈ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਸੰਯੁਕਤ ਰਾਸ਼ਟਰ ਦੀ ਚੇਤਾਵਨੀ, ਦੁਨੀਆ ਦੇ 34 ਕਰੋੜ ਤੋਂ ਵਧੇਰੇ ਲੋਕਾਂ 'ਤੇ 'ਭੁੱਖਮਰੀ' ਦਾ ਖਤਰਾ

ਪੀਅਰੇ ਨੇ ਕਿਹਾ ਕਿ ਸੰਯੁਕਤ ਰਾਜ ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਆਈ.ਡੀ.) ਨੇ ਪਾਕਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਜਾਰੀ ਰੱਖਣ ਦੇ ਅਮਰੀਕੀ ਯਤਨਾਂ ਦੀ ਅਗਵਾਈ ਕਰਨ ਦੇ ਨਾਲ-ਨਾਲ ਹੜ੍ਹਾਂ ਦੇ ਜਨਤਕ ਸਿਹਤ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਇੱਕ ਆਫ਼ਤ ਸਹਿਯੋਗ ਪ੍ਰਤੀਕਿਰਿਆ ਟੀਮ ਦੀ ਨਿਯੁਕਤੀ ਕੀਤੀ ਹੈ, ਨਾਲ ਹੀ ਹੜ੍ਹ ਦੇ ਜਨਤਕ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਦੇ ਮੱਦੇਨਜ਼ਰ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (CDC) ਦੇ ਤਕਨੀਕੀ ਮਾਹਿਰਾਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ। ਜੀਨ-ਪੀਅਰੇ ਨੇ ਕਿਹਾ ਕਿ 2010 ਦੇ ਹੜ੍ਹ ਤੋਂ ਬਾਅਦ, ਸੰਯੁਕਤ ਰਾਜ ਨੇ ਪਾਕਿਸਤਾਨ ਵਿਚ ਹੜ੍ਹ ਸੰਕਟ ਦੀ ਤਿਆਰੀ ਅਤੇ ਆਫ਼ਤ ਦੇ ਜੋਖਮ ਨੂੰ ਘਟਾਉਣ ਵਿਚ ਸਰਗਰਮੀ ਨਾਲ ਸਹਿਯੋਗ ਕੀਤਾ ਹੈ ਤਾਂ ਜੋ ਉਸ ਦੇ ਲੋਕਾਂ ਨੂੰ ਆਫ਼ਤ ਨਾਲ ਨਜਿੱਠਣ ਦੇ ਯੋਗ ਬਣਾਇਆ ਜਾ ਸਕੇ।ਇਸ ਦੌਰਾਨ, ਸੰਯੁਕਤ ਰਾਸ਼ਟਰ ਨੇ ਕਿਹਾ ਕਿ ਹਾਲ ਹੀ ਦੀ ਅਪੀਲ ਦੇ ਜਵਾਬ ਵਿਚ ਪਾਕਿਸਤਾਨ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਹੁਣ ਤੱਕ 15 ਕਰੋੜ ਡਾਲਰ ਦੇ ਸਹਿਯੋਗ ਦੇ ਸੰਕਲਪ ਕੀਤਾ ਜਾ ਚੁੱਕਾ ਹੈ ਪਰ ਹੁਣ ਤੱਕ ਸਿਰਫ 3.80 ਕਰੋੜ ਡਾਲਰ ਹੀ ਮਿਲੇ ਹਨ।


Vandana

Content Editor

Related News