ਪਾਕਿ ਚੋਣਾਂ : ਸਰਕਾਰੀ ਨਤੀਜਿਆਂ ਦਾ ਐਲਾਨ, PTI ਬਣੀ ਸਭ ਤੋਂ ਵੱਡੀ ਪਾਰਟੀ

Friday, Jul 27, 2018 - 02:08 PM (IST)

ਪਾਕਿ ਚੋਣਾਂ : ਸਰਕਾਰੀ ਨਤੀਜਿਆਂ ਦਾ ਐਲਾਨ, PTI ਬਣੀ ਸਭ ਤੋਂ ਵੱਡੀ ਪਾਰਟੀ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਚੋਣ ਕਮਿਸ਼ਨ ਨੇ ਕੌਮੀ ਅਸੈਂਬਲੀ ਦੀਆਂ 270 ਵਿਚੋਂ 250 ਸੀਟਾਂ ਦੇ ਨਤੀਜੇ ਅਧਿਕਾਰਕ ਤੌਰ 'ਤੇ ਐਲਾਨ ਕਰ ਦਿੱਤੇ ਹਨ। ਨਤੀਜਿਆਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵੱਡੀ ਪਾਰਟੀ ਬਣੀ ਹੈ। ਹਾਲਾਂਕਿ ਸਰਕਾਰ ਬਨਾਉਣ ਲਈ ਉਸ ਨੂੰ ਹੋਰ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ। ਇਸ ਵਾਰ ਚੋਣਾਂ ਦੀ ਗਿਣਤੀ ਵਿਚ ਕਾਫੀ ਸਮਾਂ ਲਿਆ ਗਿਆ। 
ਸ਼ੁੱਕਰਵਾਰ ਨੂੰ ਪਾਕਿਸਤਾਨ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਨੇ 269 ਸੀਟਾਂ ਵਿਚੋਂ 109 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ 'ਤੇ ਰਹੀ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੂੰ 63 ਸੀਟਾਂ ਮਿਲੀਆਂ ਹਨ। ਤੀਜੇ ਨੰਬਰ 'ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਰਹੀ, ਜਿਸ ਨੂੰ 42 ਸੀਟਾਂ ਮਿਲੀਆਂ ਹਨ। ਆਜ਼ਾਦ ਉਮੀਦਵਾਰਾਂ ਨੇ 12 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। 
ਖੱਬੇ ਪੱਖੀ ਧਾਰਮਿਕ ਦਲਾਂ ਮਤਲਬ ਜਮਾਤ-ਏ-ਇਸਲਾਮੀ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਗਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ-ਪਾਕਿਸਤਾਨ (ਐੱਮ.ਐੱਮ.ਏ.ਪੀ.) ਨੇ 11 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ 5 ਸੀਟਾਂ ਮਿਲੀਆਂ ਹਨ। ਈ.ਸੀ.ਪੀ. ਨੇ ਨਤੀਜਿਆਂ ਮੁਤਾਬਕ ਕਰਾਚੀ ਦੇ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐੱਮ.ਕਿਊ.ਐੱਮ.ਪੀ.) ਨੂੰ ਸਭ ਤੋਂ ਘੱਟ ਸੀਟਾਂ ਮਿਲੀਆਂ ਹਨ। ਉਸ ਨੂੰ ਕਰਾਚੀ ਵਿਚ 20 ਵਿਚੋਂ ਸਿਰਫ 4 ਸੀਟਾਂ 'ਤੇ ਜਿੱਤ ਮਿਲੀ ਹੈ। ਖਬਰ ਲਿਖੇ ਜਾਣ ਤੱਕ 20 ਸੀਟਾਂ 'ਤੇ ਗਿਣਤੀ ਜਾਰੀ ਸੀ।


Related News