ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM

Tuesday, Nov 16, 2021 - 07:21 AM (IST)

ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)– ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਇਕ ਨਵੇਂ ਮੁਖੀ ਦੀ ਨਿਯੁਕਤੀ ਨਾਲ ਇਮਰਾਨ ਸਰਕਾਰ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਤਣਾਅ ਤੋਂ ਬਾਅਦ ਫੌਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਲੈਫਟੀਨੈਂਟ ਜਨਰਲ ਨਦੀਮ ਅੰਜੁਮ 20 ਨਵੰਬਰ ਨੂੰ ਡੀ. ਜੀ. (ਆਈ. ਐੱਸ. ਆਈ.) ਦੇ ਤੌਰ ’ਤੇ ਅਹੁਦਾ ਸੰਭਾਲਣ ਵਾਲੇ ਹਨ। ਇਸ ਦੌਰਾਨ ਇਮਰਾਨ ਖਾਨ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਤਣਾਅ ਆਪਣੇ ਸਿਖ਼ਰ ’ਤੇ ਹੈ, ਕਿਉਂਕਿ ਉਹ ਅਜੇ ਵੀ ਆਈ. ਐੱਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਬਣਾਏ ਰੱਖਣ ਦੇ ਹੱਕ ’ਚ ਹਨ। ਸੂਤਰਾਂ ਨੇ ਦੱਸਿਆ ਕਿ ਪੀ. ਟੀ. ਆਈ. ਦੇ ਪਰਵੇਜ਼ ਖੱਟਕ ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਅਹੁਦੇ ਲਈ ਸੰਭਾਵੀ ਨਾਂ ਹਨ।

ਇਹ ਵੀ ਪੜ੍ਹੋ : ਵੈਕਸੀਨ ਨਹੀਂ ਤਾਂ ਆਜ਼ਾਦੀ ਵੀ ਨਹੀਂ, ਇਸ ਦੇਸ਼ ਨੇ ਕੋਰੋਨਾ ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਸਾਹਮਣੇ 2 ਬਦਲ ਪੇਸ਼ ਕੀਤੇ ਗਏ ਹਨ। ਪਹਿਲਾ ਇਹ ਕਿ ਉਹ 20 ਨਵੰਬਰ ਤੋਂ ਪਹਿਲਾਂ ਆਪਣੇ-ਆਪ ਅਸਤੀਫ਼ਾ ਦੇ ਦੇਣ ਤੇ ਦੂਜਾ ਇਹ ਕਿ ਵਿਰੋਧੀ ਧਿਰ ਸੰਸਦ ’ਚ ਇਨ ਹਾਊਸ ਬਦਲਾਅ ਲਿਆਏ। ਦੋਵਾਂ ਹੀ ਮਾਮਲਿਆਂ ’ਚ ਇਮਰਾਨ ਖਾਨ ਸੱਤਾ ਤੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ’ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਆਪਣੇ ਸਿਆਸੀ ਸਹਿਯੋਗੀਆਂ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਅਤੇ ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਕਿਊ) ਨੂੰ ਗੁਆ ਦੇਵੇਗੀ। ਇਕ ਸਮਝੌਤੇ ਦੇ ਹਿੱਸੇ ਦੇ ਰੂਪ ’ਚ ਪਾਕਿਸਤਾਨੀ ਸਰਕਾਰ ਨੇ ਪਿਛਲੇ ਹਫ਼ਤੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਸੈਂਕੜੇ ਸਮਰਥਕਾਂ ਨੂੰ ਰਿਹਾਅ ਕੀਤਾ ਹੈ ਤਾਂ ਕਿ ਹਿੰਸਕ ਝੜਪਾਂ ਨੂੰ ਖ਼ਤਮ ਕੀਤਾ ਜਾ ਸਕੇ, ਜਿਸ ਦੇ ਨਤੀਜੇ ਵਜੋਂ ਕਈ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਜਿੱਤ ਦੇ ਜਸ਼ਨ ’ਚ ਡੁੱਬੇ 'ਕੰਗਾਰੂ', ਬੂਟ ’ਚ ਬੀਅਰ ਪਾ ਕੇ ਪੀਂਦੇ ਨਜ਼ਰ ਆਏ ਆਸਟ੍ਰੇਲੀਆਈ ਖਿਡਾਰੀ (ਵੀਡੀਓ)

ਫ਼ੌਜ ਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਵਿਚਾਲੇ ਗੱਲਬਾਤ
ਇਹ ਗਰੁੱਪ ਆਪਣੀ ਪਾਰਟੀ ਦੇ ਪ੍ਰਧਾਨ ਸਾਦ ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਪਾਕਿਸਤਾਨੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨੂੰ ਇਸ ਸਾਲ ਅਪ੍ਰੈਲ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। 18 ਅਕਤੂਬਰ ਨੂੰ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਸੀ ਕਿ ਇਹ ਪਾਕਿਸਤਾਨੀ ਫ਼ੌਜ ਸੀ, ਜੋ ਟੀ. ਐੱਲ. ਪੀ. ਅਤੇ ਇਮਰਾਨ ਖਾਨ ਸਰਕਾਰ ਵਿਚਾਲੇ ਪੀ. ਐੱਮ. ਨੂੰ ‘ਬੈਕਫੁੱਟ’ ’ਤੇ ਰੱਖਣ ਲਈ ਤਣਾਅ ਵਧਾ ਰਹੀ ਸੀ। ਸੂਤਰਾਂ ਨੇ ਕਿਹਾ ਸੀ ਕਿ ਅਜਿਹਾ ਇਸ ਲਈ ਸੀ, ਕਿਉਂਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲੈਫਟੀਨੈਂਟ ਨਦੀਮ ਅੰਜੁਮ ਦੀ ਨਿਯੁਕਤੀ ’ਚ ਦੇਰੀ ਅਤੇ ਦੇਸ਼ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ (ਡੀ. ਜੀ.) ਦੇ ਰੂਪ ’ਚ ਸ਼ਾਮਲ ਹੋਣ ਲਈ ਸਰਕਾਰ ਨਾਲ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਗੱਲਬਾਤ ਕਰ ਰਹੇ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News