ਪਾਕਿਸਤਾਨ ਨੇ ਮੁੜ ਕੀਤਾ ਅਫ਼ਗਾਨਿਸਤਾਨ ''ਤੇ ਹਵਾਈ ਹਮਲਾ ! ਕਾਬੁਲ ਨੇ ਲਗਾਏ ਗੰਭੀਰ ਇਲਜ਼ਾਮ
Saturday, Oct 18, 2025 - 05:23 PM (IST)

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਪਾਕਿਸਤਾਨ ਨੇ ਕਾਬੁਲ ’ਤੇ ਹਵਾਈ ਹਮਲਾ ਕੀਤਾ, ਜਿਸ ਵਿੱਚ 10 ਅਫਗਾਨ ਨਾਗਰਿਕ ਮਾਰੇ ਗਏ ਅਤੇ 12 ਜ਼ਖਮੀ ਹੋ ਗਏ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਕਾਬੁਲ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਦੇਰ ਰਾਤ ਅਫਗਾਨਿਸਤਾਨ ਦੀ ਧਰਤੀ ’ਤੇ ਹਮਲੇ ਕੀਤੇ, ਜੋ ਕਿ ਦੋ ਦਿਨਾਂ ਦੀ ਜੰਗਬੰਦੀ ਦੀ ਸਿੱਧੀ ਉਲੰਘਣਾ ਹੈ। 48 ਘੰਟਿਆਂ ਦੀ ਜੰਗਬੰਦੀ ਨੇ ਇੱਕ ਹਫ਼ਤੇ ਤੋਂ ਚੱਲੇ ਆ ਰਹੇ ਖੂਨੀ ਸਰਹੱਦੀ ਟਕਰਾਅ ਨੂੰ ਰੋਕ ਦਿੱਤਾ ਸੀ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਹਮਲਿਆਂ ਵਿੱਚ ਦਰਜਨਾਂ ਸੈਨਿਕ ਅਤੇ ਨਾਗਰਿਕ ਮਾਰੇ ਗਏ ਸਨ।
ਤਾਲਿਬਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਪਕਤਿਕਾ ਪ੍ਰਾਂਤ ਵਿੱਚ ਤਿੰਨ ਥਾਵਾਂ ’ਤੇ ਬੰਬਾਰੀ ਕੀਤੀ ਹੈ, ਜਿਸ ਦਾ ਅਫਗਾਨਿਸਤਾਨ ਜ਼ੋਰਦਾਰ ਜਵਾਬ ਦੇਵੇਗਾ।
ਕਾਬੁਲ ਦੇ ਇੱਕ ਸੂਬਾਈ ਹਸਪਤਾਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਵਿੱਚ 10 ਲਾਸ਼ਾਂ ਅਤੇ 12 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਮ੍ਰਿਤਕਾਂ ਵਿੱਚ ਦੋ ਬੱਚੇ ਸ਼ਾਮਲ ਹਨ।