ਪਾਕਿਸਤਾਨ ਨੇ ਅਮਰੀਕਾ ’ਤੇ ਅੰਦਰੂਨੀ ਮਾਮਲਿਆਂ ’ਚ ‘ਦਖਲਅੰਦਾਜ਼ੀ’ ਦਾ ਦੋਸ਼ ਲਾਇਆ, ਅਮਰੀਕੀ ਡਿਪਲੋਮੈਟ ਤਲਬ

04/03/2022 6:44:42 PM

ਇਸਲਾਮਾਬਾਦ—ਪਾਕਿਸਤਾਨ ਨੇ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੂੰ ਇਥੇ ਤਲਬ ਕਰ ਕੇ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਅਮਰੀਕਾ ਦੇ ਕਥਿਤ ‘ਦਖਲ’ ਪ੍ਰਤੀ ਤਿੱਖੀ ਪ੍ਰਤੀਕਿਰਿਆ ਦਰਜ ਕਰਵਾਈ ਹੈ। ਸ਼ੁੱਕਰਵਾਰ ਨੂੰ ਮੀਡੀਆ ’ਚ ਛਪੀਆਂ ਖ਼ਬਰਾਂ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਬਿਆਨ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਇਕ ‘ਵਿਦੇਸ਼ੀ ਸਾਜ਼ਿਸ਼’ ਵਿਚ ‘ਵਾਸ਼ਿੰਗਟਨ’ ਦੀ ਭੂਮਿਕਾ ਹੈ।

ਸਿੱਧੇ ਪ੍ਰਸਾਰਣ ’ਚ ਦੇਸ਼ ਨੂੰ ਸੰਬੋਧਿਤ ਕਰਨ ਦੌਰਾਨ 69 ਸਾਲਾ ਖਾਨ ਨੇ ‘ਧਮਕੀ ਭਰੀ ਇਕ ਚਿੱਠੀ’ ਦਾ ਜ਼ਿਕਰ ਦਿੱਤਾ ਅਤੇ ਕਿਹਾ ਕਿ ਸੁਤੰਤਰ ਵਿਦੇਸ਼ ਨੀਤੀ ’ਤੇ ਚੱਲਣ ਲਈ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਵਿਦੇਸ਼ੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਧਮਕੀ ਵਾਲੇ ਪੱਤਰ ਦੇ ਪਿੱਛੇ ਅਮਰੀਕਾ ਦਾ ਹੱਥ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜ਼ੁਬਾਨ ਫਿਸਲਣ ਕਾਰਨ ਖਾਨ ਨੇ ਅਮਰੀਕਾ ਦਾ ਨਾਂ ਲਿਆ। ‘ਦਿ ਡਾਨ’ ਅਖਬਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ‘ਧਮਕੀ ਵਾਲੇ ਪੱਤਰ’ ਦੇ ਮੁੱਦੇ ’ਤੇ ਇਸਲਾਮਾਬਾਦ ’ਚ ਅਮਰੀਕੀ ਡਿਪਲੋਮੈਟ ਐਂਜੇਲਾ ਪੀ. ਐਗਲਰ ਨੂੰ ਤਲਬ ਕੀਤਾ। ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵੱਲੋਂ ਵੀਰਵਾਰ ਨੂੰ ਲਏ ਗਏ ਫ਼ੈਸਲੇ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।

ਵਿਦੇਸ਼ ਵਿਭਾਗ ਨੇ ਰਸਮੀ ਗੱਲਬਾਤ ਦੌਰਾਨ ਵਿਦੇਸ਼ੀ ਅਧਿਕਾਰੀ ਵੱਲੋਂ ਵਰਤੇ ਗਏ ਲਹਿਜ਼ੇ ’ਤੇ ਅਮਰੀਕੀ ਡਿਪਲੋਮੈੈਟ ਨੂੰ ਸਖ਼ਤ ਇਤਰਾਜ਼ ਪ੍ਰਗਟਾਉਣ ਵਾਲਾ ਇਕ ਪੱਤਰ ਵੀ ਸੌਂਪਿਆ। ਖਾਨ ਵੱਲੋਂ ਜਿਸ ਕਥਿਤ ਪੱਤਰ ਦਾ ਜ਼ਿਕਰ ਕੀਤਾ ਗਿਆ, ਉਸ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਖ਼ਾਨ ਵਿਰੁੱਧ ਵਿਰੋਧੀ ਧਿਰ ਦੇ ਬੇਭਰੋਸਗੀ ਮਤਾ ਡਿਗ ਜਾਂਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਖ਼ਬਰ ਮੁਤਾਬਕ ਅਮਰੀਕੀ ਡਿਪਲੋਮੈਟ ਨੂੰ ਕਿਹਾ ਗਿਆ ਕਿ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਉਸ ‘ਦੇਸ਼’ ਨੂੰ ਇਕ ਸਖ਼ਤ ਇਤਰਾਜ਼ ਵਾਲਾ ਪੱਤਰ ਜਾਰੀ ਕਰਨ ਦਾ ਫ਼ੈਸਲਾ ਕੀਤਾ, ਜਿਸ ਨੇ ਇਕ ਗੱਲਬਾਤ ਦੌਰਾਨ ਯੂਕ੍ਰੇਨ ’ਤੇ ਪਾਕਿਸਤਾਨ ਦੀ ਨੀਤੀ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ।

 ਉਕਤ ਗੱਲਬਾਤ ਤੋਂ ਬਾਅਦ ਅਮਰੀਕਾ ’ਚ ਪਾਕਿਸਤਾਨ ਦੇ ਰਾਜਦੂਤ ਮਸੂਦ ਖਾਨ ਨੇ ਵਿਦੇਸ਼ ਮੰਤਰਾਲੇ ਨੂੰ ਇਸ ਮੁੱਦੇ ’ਤੇ ਪੱਤਰ ਭੇਜਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਪੱਤਰ ਨੂੰ ਨੈਸ਼ਨਲ ਅਸੈਂਬਲੀ ’ਚ ਆਪਣੇ ਉਨ੍ਹਾਂ ਖ਼ਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ਨਾਲ ਜੋੜਿਆ।  

 


Manoj

Content Editor

Related News