ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਸੱਦੀ ਬੈਠਕ, ਈਰਾਨ ਨਾਲ ਤਣਾਅ ''ਤੇ ਕਰੇਗੀ ਚਰਚਾ
Friday, Jan 19, 2024 - 04:06 PM (IST)
ਇਸਲਾਮਾਬਾਦ (ਵਾਰਤਾ)- ਈਰਾਨ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿਚ ਸਰਹੱਦ ਪਾਰ ਤੋਂ ਹੋਏ ਹਮਲਿਆਂ ਦੌਰਾਨ ਪਾਕਿਸਤਾਨੀ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਈਰਾਨ ਨਾਲ ਵਧਦੇ ਤਣਾਅ 'ਤੇ ਚਰਚਾ ਕਰਨ ਲਈ ਸ਼ੁੱਕਰਵਾਰ ਸ਼ਾਮ ਨੂੰ ਇਕ ਅਸਾਧਾਰਨ ਸੈਸ਼ਨ ਲਈ ਬੈਠਕ ਸੱਦੀ ਹੈ। ਪਾਕਿਸਤਾਨੀ ਅਖ਼ਬਾਰ ਡਾਨ ਨੇ ਅੱਜ ਦੇਸ਼ ਦੇ ਸੂਚਨਾ ਮੰਤਰਾਲਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਕਾਰਜਕਾਰੀ ਸੂਚਨਾ ਮੰਤਰੀ ਮੁਰਤਜ਼ਾ ਸੋਲੰਗੀ ਨੇ ਅਖ਼ਬਾਰ ਨੂੰ ਦੱਸਿਆ ਕਿ ਬੈਠਕ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉੱਲ ਹੱਕ ਕੱਕੜ ਕਰਨਗੇ, ਜੋ ਸੰਕਟ ਕਾਰਨ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਆਪਣੀ ਫੇਰੀ ਤੋਂ ਜਲਦੀ ਪਰਤ ਆਏ ਹਨ।
ਇਹ ਵੀ ਪੜ੍ਹੋ: ਭਾਰਤ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮੋਦੀ 'ਸਰਬੋਤਮ ਨੇਤਾ' ਹਨ: ਅਮਰੀਕੀ ਗਾਇਕਾ ਮੈਰੀ ਮਿਲਬੇਨ
ਅਖ਼ਬਾਰ ਦੀ ਰਿਪੋਰਟ ਅਨੁਸਾਰ ਸੋਲੰਗੀ ਨੇ ਮੀਟਿੰਗ ਦਾ ਕੋਈ ਠੋਸ ਏਜੰਡਾ ਸਾਂਝਾ ਨਹੀਂ ਕੀਤਾ, ਪਰ ਅਜਿਹੇ ਸੰਕੇਤ ਮਿਲੇ ਹਨ ਕਿ ਇਹ ਪਾਕਿਸਤਾਨ ਅਤੇ ਈਰਾਨ ਦਰਮਿਆਨ ਸਥਿਤੀ ਨਾਲ ਸਬੰਧਤ ਹੋਵੇਗੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਮੰਗਲਵਾਰ ਨੂੰ ਆਪਣੇ ਖੇਤਰ 'ਤੇ ਅੱਤਵਾਦੀ ਹਮਲਿਆਂ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਖੇਤਰ ਵਿੱਚ ਅੱਤਵਾਦੀ ਸਮੂਹ ਜੈਸ਼ ਅਲ-ਅਦਲ ਦੇ ਇੱਕ ਅੱਡੇ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਹਮਲੇ ਕੀਤੇ। ਪਾਕਿਸਤਾਨੀ ਖੇਤਰ 'ਤੇ ਈਰਾਨੀ ਹਥਿਆਰਬੰਦ ਬਲਾਂ ਦਾ ਇਹ ਪਹਿਲਾ ਮਿਜ਼ਾਈਲ ਹਮਲਾ ਸੀ।
ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ
ਪਾਕਿਸਤਾਨ ਨੇ ਕਿਹਾ ਕਿ ਹਮਲੇ 'ਚ 2 ਬੱਚੇ ਮਾਰੇ ਗਏ ਅਤੇ 3 ਹੋਰ ਜ਼ਖ਼ਮੀ ਹੋ ਗਏ। ਉਸ ਨੇ ਈਰਾਨ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਉਸ ਵੱਲੋਂ ਮੌਜੂਦਾ ਸੰਚਾਰ ਚੈਨਲਾਂ ਰਾਹੀਂ ਹਮਲਿਆਂ ਬਾਰੇ ਇਸਲਾਮਾਬਾਦ ਨੂੰ ਪਹਿਲਾਂ ਤੋਂ ਸੂਚਿਤ ਕਰਨ ਵਿੱਚ ਅਸਫਲ ਰਹਿਣ 'ਤੇ ਚਿੰਤਾ ਜ਼ਾਹਰ ਕੀਤੀ। ਜਵਾਬੀ ਕਾਰਵਾਈ 'ਚ ਪਾਕਿਸਤਾਨ ਨੇ ਵੀਰਵਾਰ ਨੂੰ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ 'ਚ 'ਅੱਤਵਾਦੀ ਠਿਕਾਣਿਆਂ' 'ਤੇ ਰਾਤ ਭਰ ਹਮਲੇ ਕੀਤੇ। ਇਸ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲਾ ਨੇ ਆਈ.ਆਰ.ਜੀ.ਸੀ. ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰਾਲਾ ਦੇ ਬਿਆਨ ਦੀ ਤਰਜ਼ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ, ਈਰਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ ਅਤੇ ਉਸ ਨੇ ਸਿਰਫ਼ ਆਪਣੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਇਹ ਹਮਲੇ ਕੀਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।