ਦੇਸ਼ਧ੍ਰੋਹ ਮਾਮਲੇ ''ਚ ਮੁਸ਼ੱਰਫ ''ਤੇ ਫੈਸਲਾ ਟਲਿਆ, ਹਾਈ ਕੋਰਟ ਵੱਲੋਂ ਪਟੀਸ਼ਨ ਮਨਜ਼ੂਰ
Tuesday, Nov 26, 2019 - 03:44 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਲਾਹੌਰ ਹਾਈ ਕੋਰਟ ਨੇ ਮੰਗਲਵਾਰ ਨੂੰ ਸਾਬਕਾ ਮਿਲਟਰੀ ਸ਼ਾਸਕ ਪਰਵੇਜ਼ ਮੁਸ਼ੱਰਫ ਦੀ ਪਟੀਸ਼ਨ ਵਿਚਾਰ ਕਰਨ ਲਈ ਸਵੀਕਾਰ ਕਰ ਲਈ। ਮੁਸ਼ੱਰਫ ਨੇ ਆਪਣੀ ਪਟੀਸ਼ਨ ਵਿਚ ਵਿਸ਼ੇਸ਼ ਅਦਾਲਤ ਵੱਲੋਂ ਦੇਸ਼ਧ੍ਰੋਹ ਮਾਮਲੇ ਵਿਚ ਸੁਰੱਖਿਅਤ ਰੱਖੇ ਗਏ ਫੈਸਲੇ ਨੂੰ ਵੀਰਵਾਰ ਨੂੰ ਸੁਨਾਉਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। 'ਦੀ ਡਾਨ ਨਿਊਜ਼' ਨੇ ਖਬਰ ਦਿੱਤੀ ਹੈ ਕਿ ਲਾਹੌਰ ਹਾਈ ਕੋਰਟ ਦੇ ਜੱਜ ਨਿਆਂਮੂਰਤੀ ਸੈਯਦ ਮਜ਼ਹਰ ਅਲੀ ਅਕਬਰ ਨਕਵੀ ਨੇ ਇਸ ਦੇ ਇਤਰਾਜ਼ ਹਟਾ ਦਿੱਤੇ ਅਤੇ ਦੁਬਈ ਵਿਚ ਰਹਿ ਰਹੇ ਮੁਸ਼ੱਰਫ ਦੀ ਪਟੀਸ਼ਨ ਨੂੰ ਵਿਚਾਰ ਲਈ ਸਵੀਕਾਰ ਕਰ ਲਿਆ।
ਲਾਹੌਰ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਤੋਂ 28 ਨਵੰਬਰ ਤੱਕ ਜਵਾਬ ਵੀ ਮੰਗਿਆ ਹੈ। ਇਸਲਾਮਾਬਾਦ ਹਾਈ ਕੋਰਟ ਵਿਚ ਗ੍ਰਹਿ ਮੰਤਰਾਲੇ ਵੱਲੋਂ ਇਕ ਵੱਖਰੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਮੁਸ਼ੱਰਫ ਦੇ ਵਿਰੁੱਧ ਵਿਸ਼ੇਸ਼ ਟ੍ਰਿਬਿਊਨਲ ਵੱਲੋਂ ਦੇਸ਼ਧ੍ਰੋਹ ਮਾਮਲੇ ਵਿਚ ਫੈਸਲੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਨਿਆਂਮੂਰਤੀ ਨਕਵੀ ਨੇ ਮੁਸ਼ੱਰਫ ਦੇ ਵਕੀਲ ਖਵਾਜ਼ਾ ਅਹਿਮਦ ਨੂੰ ਨਿਰਦੇਸ਼ ਦਿੱਤਾ ਸੀ ਕਿ ਪਟੀਸ਼ਨ ਸੁਣਵਾਈ ਯੋਗ ਹੈ ਜਾਂ ਨਹੀਂ ਇਸ 'ਤੇ ਆਪਣੀਆਂ ਦਲੀਲਾਂ ਦੇਣ।
ਜੀਓ ਨਿਊਜ਼ ਨੇ ਖਬਰ ਦਿੱਤੀ ਕਿ ਲਾਹੌਰ ਹਾਈ ਕੋਰਟ ਨੇ ਪੁੱਛਿਆ ਕੀ ਪਟੀਸ਼ਨ ਉਸ ਦੇ ਸੁਣਵਾਈ ਖੇਤਰ ਵਿਚ ਆਉਂਦੀ ਹੈ ਜਾਂ ਨਹੀਂ ਕਿਉਂਕਿ 76 ਸਾਲਾ ਸਾਬਕਾ ਰਾਸ਼ਟਰਪਤੀ ਇਸਲਾਮਾਬਾਦ ਦੇ ਵਸਨੀਕ ਹਨ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਮਾਮਲਾ ਸੁਪਰੀਮ ਕੋਰਟ ਦੇ ਕੋਲ ਹੈ ਅਤੇ ਹਾਲਤਾਂ ਦੇ ਤਹਿਤ ਪਟੀਸ਼ਨਕਰਤਾ ਨੂੰ ਸੁਪਰੀਮ ਕੋਰਟ ਨਾਲ ਸੰਪਰਕ ਕਰਨਾ ਚਾਹੀਦਾ ਹੈ।