ਪਾਕਿ ''ਚ ਪੀੜਤਾਂ ਦੀ ਗਿਣਤੀ 57 ਹਜ਼ਾਰ ਦੇ ਪਾਰ, ਕਈ ਦੇਸ਼ਾਂ ਨੇ ਕੀਤੀ ਮਦਦ ਦੀ ਪੇਸ਼ਕਸ਼
Tuesday, May 26, 2020 - 05:56 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਨੂੰ ਦੇਸ਼ ਵਿਚ ਇਨਫੈਕਸ਼ਨ ਦੇ 1,356 ਨਵੇਂ ਮਾਮਲੇ ਪਾਏ ਗਏ, ਜਿਸ ਦੇ ਬਾਅਦ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ 57,705 ਹੋ ਗਏ ਹਨ, ਜਦੋਂਕਿ ਦੇਸ਼ ਵਿਚ ਇਸ ਬੀਮਾਰੀ ਨਾਲ ਹੁਣ ਤੱਕ 1,197 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੁਣ ਤੱਕ ਕੁੱਲ 57,705 ਮਾਮਲਿਆਂ ਵਿਚੋਂ 22,934 ਸਿੰਧ ਵਿਚ, 20,654 ਪੰਜਾਬ ਵਿਚ, ਖੈਬਰ-ਪਖਤੂਨਖਵਾ ਵਿਚ 8,080, ਬਲੋਚਿਸਤਾਨ ਵਿਚ 3,468, ਇਸਲਾਮਾਬਾਦ ਵਿਚ 1,728, ਗਿਲਗਿਤ-ਬਾਲਟਿਸਤਾਨ ਵਿਚ 630 ਅਤੇ ਮਕਬੂਜ਼ਾ ਕਸ਼ਮੀਰ ਵਿਚ 211 ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਹੁਣ ਤੱਕ 490,908 ਟੈਸਟ ਕੀਤੇ ਹਨ, ਜਿਨ੍ਹਾਂ ਵਿਚ ਸੋਮਵਾਰ ਨੂੰ ਕੀਤੇ 7,252 ਵੀ ਸ਼ਾਮਲ ਹਨ। ਨੈਸ਼ਨਲ ਹੈਲਥ ਸਰਵਿਸ ਮੰਤਰਾਲੇ ਦੇ ਮੁਤਾਬਕ ਹੁਣ ਤੱਕ 18,314 ਮਰੀਜ਼ ਵਾਇਰਸ ਤੋਂ ਠੀਕ ਹੋਏ ਹਨ ਜਦੋਂਕਿ 1,197 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਮੌਤਾਂ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਕਈ ਹੋਰ ਅਣਜਾਣ ਵਾਇਰਸਾਂ ਦੇ ਹੋ ਸਕਦੇ ਹਨ ਹਮਲੇ, ਕੋਰੋਨਾ 'ਛੋਟਾ ਮਾਮਲਾ' : ਚੀਨੀ ਮਾਹਰ
ਇਸ ਦੌਰਾਨ ਜਾਪਾਨ ਨੇ ਮਹਾਮਾਰੀ ਵਿਰੁੱਧ ਲੜਾਈ ਵਿਚ ਪਾਕਿਸਤਾਨ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਇੱਥੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਤੇਗੀ ਨੇ ਇਹ ਪੇਸ਼ਕਸ਼ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇੱਕ ਚਿੱਠੀ ਜ਼ਰੀਏ ਕੀਤੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੌਣ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੋਨ ਕੀਤਾ ਅਤੇ ਦੋਵੇਂ ਨੇਤਾ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੁਵੱਲਾ ਸਹਿਯੋਗ ਵਧਾਉਣ 'ਤੇ ਸਹਿਮਤ ਹੋਏ। ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ, ਸ਼ੇਖ ਮੁਹੰਮਦ ਬਿਨ ਜਾਇਦ ਅਲ-ਨਾਹਯਾਨ ਨੇ ਵੀ ਪ੍ਰਧਾਨ ਮੰਤਰੀ ਖਾਨ ਨੂੰ ਫੋਨ ਕੀਤਾ ਅਤੇ ਦੋਹਾਂ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਕਾਬੂ ਕਰਨ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਦਿੱਤੀ। ਪ੍ਰਿੰਸ ਨੇ ਸ਼ੁੱਕਰਵਾਰ ਨੂੰ ਵਾਪਰੇ ਹਵਾਈ ਜਹਾਜ਼ ਹਾਦਸੇ 'ਤੇ ਵੀ ਸੋਗ ਪ੍ਰਗਟ ਕੀਤਾ। ਇਸ ਜਹਾਜ਼ ਹਾਦਸੇ ਵਿਚ 97 ਮੌਤਾਂ ਹੋਈਆਂ ਸਨ।