ਪਾਕਿਸਤਾਨ : ਪੀ.ਐੱਮ. ਸ਼ਹਿਬਾਜ਼ ਸ਼ਰੀਫ ਦੇ ਪੁੱਤ ਹਮਜ਼ਾ ਨੂੰ ਵੱਡਾ ਝਟਕਾ, ਜਾ ਸਕਦੀ ਹੈ CM ਦੀ ਕੁਰਸੀ

07/01/2022 11:59:27 AM

ਲਾਹੌਰ (ਏ.ਐਨ.ਆਈ.): ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਹਿਬਾਜ਼ ਦੀ ਚੋਣ ਨੂੰ ਰੱਦ ਕਰ ਦਿੱਤਾ। ਹਮਜ਼ਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਹਨ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਜਸਟਿਸ ਸਦਾਕਤ ਅਲੀ ਖਾਨ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਪੰਜਾਬ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਸਰਕਾਰ ਖ਼ਿਲਾਫ਼ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੀ ਪਟੀਸ਼ਨ ਨੂੰ ਸਵੀਕਾਰ ਕਰਕੇ ਇਹ ਫ਼ੈਸਲਾ ਚਾਰ-ਇਕ ਨਾਲ ਸੁਣਾਇਆ।

ਹਮਜ਼ਾ ਨੂੰ 16 ਅਪ੍ਰੈਲ, 2022 ਨੂੰ ਪੰਜਾਬ ਵਿਧਾਨ ਸਭਾ ਦੇ ਹੰਗਾਮੇ ਵਾਲੇ ਸੈਸ਼ਨ ਦੌਰਾਨ ਸੂਬੇ ਦਾ ਮੁੱਖ ਮੰਤਰੀ ਚੁਣਿਆ ਗਿਆ ਸੀ। ਹਮਜ਼ਾ ਦੀ ਚੋਣ ਨੂੰ ਪੀਟੀਆਈ ਅਤੇ ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀਐਮਐਲ-ਕਿਊ) ਨੇ ਚੁਣੌਤੀ ਦਿੱਤੀ ਸੀ। ਵੋਟਿੰਗ ਤੋਂ ਪਹਿਲਾਂ ਪੀਟੀਆਈ ਦੇ ਤਿੰਨ ਵਿਧਾਇਕਾਂ ਨੂੰ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ 'ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।ਇਸ ਤੋਂ ਬਾਅਦ ਪੀਟੀਆਈ ਅਤੇ ਪੀਐਮਐਲ-ਕਿਊ ਨੇ ਮੁੱਖ ਮੰਤਰੀ ਦੀ ਚੋਣ ਲਈ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰ ਦਿੱਤਾ। ਹਮਜ਼ਾ 197 ਵੋਟਾਂ ਨਾਲ ਮੁੱਖ ਮੰਤਰੀ ਚੁਣੇ ਗਏ ਸਨ, ਜਦਕਿ ਉਨ੍ਹਾਂ ਦੇ ਵਿਰੋਧੀ ਪਰਵੇਜ਼ ਇਲਾਹੀ ਨੂੰ ਕੋਈ ਵੋਟ ਨਹੀਂ ਪਈ ਸੀ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ PM ਨੇ ਲੋਕਤੰਤਰੀ ਦੇਸ਼ਾਂ ਨੂੰ 'ਚੀਨ' ਖ਼ਿਲਾਫ਼ ਖੜ੍ਹੇ ਰਹਿਣ ਦੀ ਕੀਤੀ ਅਪੀਲ

ਰਿਪੋਰਟ ਮੁਤਾਬਕ ਅਦਾਲਤ ਨੇ ਪੰਜਾਬ ਵਿਧਾਨ ਸਭਾ ਨੂੰ 16 ਅਪ੍ਰੈਲ ਦੀ ਸਥਿਤੀ ਵਿਚ ਬਹਾਲ ਕਰ ਦਿੱਤਾ ਹੈ। ਇਸ ਤਹਿਤ ਮੁੱਖ ਮੰਤਰੀ ਅਹੁਦੇ ਲਈ ਹਮਜ਼ਾ ਸ਼ਹਿਬਾਜ਼ ਅਤੇ ਪਰਵੇਜ਼ ਇਲਾਹੀ ਵਿਚਾਲੇ ਇਕ ਹੋਰ ਮੁਕਾਬਲਾ ਹੋਵੇਗਾ। ਜਿੱਤਣ ਲਈ ਉਮੀਦਵਾਰ ਨੂੰ ਘੱਟੋ-ਘੱਟ 186 ਵੋਟਾਂ ਪੈਣੀਆਂ ਚਾਹੀਦੀਆਂ ਹਨ। ਚੋਣ ਪ੍ਰਕਿਰਿਆ ਡਿਪਟੀ ਸਪੀਕਰ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ। ਜੇਕਰ ਡਿਪਟੀ ਸਪੀਕਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਜਾਂਦਾ ਹੈ ਤਾਂ ਚੇਅਰਮੈਨ ਦੀ ਕਮੇਟੀ ਚੋਣ ਕਰਵਾਏਗੀ।

ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਕਮਿਸ਼ਨ ਨੇ ਪੀਟੀਆਈ ਦੇ 25 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। ਇਨ੍ਹਾਂ ਖਾਲੀ ਸੀਟਾਂ 'ਤੇ 17 ਜੁਲਾਈ ਨੂੰ ਉਪ ਚੋਣਾਂ ਹੋਣੀਆਂ ਹਨ। ਜੇਕਰ ਇਨ੍ਹਾਂ ਸੀਟਾਂ ਦਾ ਨਤੀਜਾ ਐਲਾਨਿਆ ਜਾਂਦਾ ਹੈ ਤਾਂ 351 ਵਿਧਾਇਕ ਮੁੱਖ ਮੰਤਰੀ ਦੇ ਅਹੁਦੇ ਲਈ ਵੋਟ ਪਾਉਣਗੇ। ਸੱਤਾਧਾਰੀ ਗੱਠਜੋੜ ਦੇ ਵਿਧਾਨ ਸਭਾ ਵਿੱਚ 177 ਮੈਂਬਰ ਹਨ, ਜਦੋਂ ਕਿ ਵਿਰੋਧੀ ਧਿਰ ਪੀਟੀਆਈ ਕੋਲ 158 ਵਿਧਾਇਕ ਰਹਿ ਗਏ ਹਨ ਕਿਉਂਕਿ ਇਸਦੇ 25 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News