ਪਾਕਿ ਨੇ ਜਾਰੀ ਕੀਤੀ ਭਾਰਤੀ ਕੈਦੀਆਂ ਦੀ ਸੂਚੀ
Friday, Jan 01, 2021 - 06:03 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿਚ ਬੰਦ 319 ਭਾਰਤੀ ਕੈਦੀਆਂ ਦੀ ਸੂਚੀ ਇਕ ਦੋ-ਪੱਖੀ ਸਮਝੌਤੇ ਦੇ ਤਹਿਤ ਸ਼ੁੱਕਰਵਾਰ ਨੂੰ ਇੱਥੇ ਭਾਰਤ ਦੇ ਹਾਈ ਕਮਿਸ਼ਨ ਨੂੰ ਸੌਂਪੀ। ਸੂਚੀ ਵਿਚ 270 ਭਾਰਤੀ ਮਛੇਰੇ ਵੀ ਸ਼ਾਮਲ ਹਨ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਿਚ 21 ਮਈ, 2008 ਨੂੰ ਦਸਤਖ਼ਤ ਕੀਤੇ ਡਿਪਲੋਮੈਟਿਕ ਪਹੁੰਚ ਸਮਝੌਤੇ ਦੇ ਪ੍ਰਬੰਧਾਂ ਦੇ ਤਹਿਤ ਇਹ ਕਦਮ ਚੁੱਕਿਆ ਗਿਆ।
ਵਿਦੇਸ਼ ਦਫਤਰ ਨੇ ਕਿਹਾ,''ਪਾਕਿਸਤਾਨ ਦੀ ਸਰਕਾਰ ਨੇ ਅੱਜ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦ 49 ਗੈਰ ਮਿਲਟਰੀ ਵਿਅਕਤੀਆਂ ਅਤੇ 270 ਮਛੇਰਿਆਂ ਸਮੇਤ 319 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ। ਵਿਦੇਸ਼ ਦਫਤਰ ਨੇ ਇਹ ਵੀ ਦੱਸਿਆ ਕਿ ਇਸ ਦੀ ਪ੍ਰਤੀਕਿਰਿਆ ਵਿਚ ਭਾਰਤ ਸਰਕਾਰ ਨੇ ਵੀ ਤੁਰੰਤ ਹੀ 340 ਪਾਕਿਸਤਾਨੀ ਕੈਦੀਆਂ ਦੀ ਸੂਚੀ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨਾਲ ਸਾਂਝੀ ਕੀਤੀ, ਜਿਹਨਾਂ ਨੂੰ ਭਾਰਤ ਵਿਚ ਕੈਦ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਲਸ਼ਕਰ ਸਮੇਤ ਗਲੋਬਲ ਅੱਤਵਾਦੀ ਸੰਗਠਨਾਂ ਦੀ ਕਰੋੜਾਂ ਦੀ ਫੰਡਿੰਗ ਕੀਤੀ ਬਲਾਕ
ਇਹਨਾਂ ਵਿਚ 263 ਗੈਰ ਮਿਲਟਰੀ ਵਿਅਕਤੀ ਅਤੇ 77 ਮਛੇਰੇ ਸ਼ਾਮਲ ਹਨ। ਦੋਵੇਂ ਦੇਸ਼ ਸਮਝੌਤੇ ਦੇ ਤਹਿਤ ਇਕ-ਦੂਜੇ ਦੀ ਹਿਰਾਸਤ ਵਾਲੇ ਕੈਦੀਆਂ ਦੀ ਸੂਚੀ ਸਾਲ ਵਿਚ ਦੋ ਵਾਰ 1 ਜਨਵਰੀ ਅਤੇ 1 ਜੁਲਾਈ ਨੂੰ ਸਾਂਝੀ ਕਰਦੇ ਹਨ। ਦੋਹਾਂ ਦੇਸ਼ਾਂ ਵਿਚ ਪਿਛਲੇ ਕਈ ਸਾਲਾਂ ਤੋਂ ਤਣਾਅ ਪੈਦਾ ਹੋਣ ਦੇ ਬਾਵਜੂਦ ਕੈਦੀਆਂ ਦੀ ਸੂਚੀ ਸਾਂਝੀ ਕਰਨ ਦਾ ਕੰਮ ਬਿਨਾਂ ਰੁਕੇ ਜਾਰੀ ਹੈ।