ਇਮਰਾਨ ਨੇ ''ਪੀ.ਐੱਮ. ਹਾਊਸ'' ''ਚ ਕੌਮੀ ਯੂਨੀਵਰਸਿਟੀ ਦੀ ਕੀਤੀ ਸ਼ੁਰੂਆਤ
Friday, Dec 21, 2018 - 06:01 PM (IST)

ਇਸਲਾਮਾਬਾਦ (ਭਾਸ਼ਾ)— ਸਰਕਾਰੀ ਇਮਾਰਤਾਂ ਨੂੰ ਜਨਤਾ ਦੀ ਵਰਤੋਂ ਲਈ ਖੋਲ੍ਹਣ ਦੇ ਆਪਣੇ ਚੁਣਾਵੀ ਵਾਅਦੇ ਦੇ ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਆਲੀਸ਼ਾਨ ਪੀ.ਐੱਮ. ਹਾਊਸ ਵਿਚ ਇਕ ਕੌਮੀ ਯੂਨੀਵਰਸਿਟੀ ਦੀ ਸ਼ੁਰੂਆਤ ਕੀਤੀ। ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਨੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਇਸਲਾਮਾਬਾਦ ਨੈਸ਼ਨਲ ਯੂਨੀਵਰਸਿਟੀ ਦੀ ਸਥਾਪਨਾ ਪੀ.ਐੱਮ. ਹਾਊਸ ਵਿਚ ਕੀਤੀ ਗਈ ਹੈ ਅਤੇ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਅਤੇ ਅਦਾਰਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ।
ਸੱਤਾ ਵਿਚ ਆਉਣ ਦੇ ਬਾਅਦ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਆਵਾਸ ਵਿਚ ਨਹੀਂ ਰਹਿਣਗੇ ਅਤੇ ਮਿਲਟਰੀ ਸੈਕਟਰੀ ਦੇ 3 ਬੈੱਡਰੂਮ ਵਾਲੇ ਘਰ ਵਿਚ ਰਹਿਣ ਚਲੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਦੀ ਘੱਟ ਖਰਚ ਕਰਨ ਦੀ ਮੁਹਿੰਮ ਦੇ ਤਹਿਤ ਗਵਰਨਰ ਵੀ ਗਵਰਨਰ ਹਾਊਸ ਵਿਚ ਨਹੀਂ ਰਹਿਣਗੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਕਿਹਾ ਕਿ ਪੀ.ਐੱਮ. ਹਾਊਸ ਵਿਚ ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼ ਇਹ ਸੰਦੇਸ਼ ਦੇਣਾ ਹੈ ਕਿ ਰਾਸ਼ਟਰ ਦੇ ਤੌਰ 'ਤੇ ਪਾਕਿਸਤਾਨ ਨੂੰ ਵਿਕਾਸ ਅਤੇ ਤਰੱਕੀ ਕਰਨ ਲਈ ਸਿੱਖਿਆ ਅਤੇ ਮਨੁੱਖੀ ਸਰੋਤ 'ਤੇ ਧਿਆਨ ਦੇਣ ਦੀ ਲੋੜ ਹੈ।