ਪਾਕਿਸਤਾਨ : ਭਾਰੀ ਬਰਫਬਾਰੀ, ਮੀਂਹ ਕਾਰਨ ਤਕਰੀਬਨ 84 ਲੋਕਾਂ ਦੀ ਮੌਤ

01/14/2020 11:58:11 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਭਾਰੀ ਬਰਫਬਾਰੀ ਅਤੇ ਮੋਹਲੇਧਾਰ ਮੀਂਹ ਕਾਰਨ ਐਵਲਾਂਚ ਦੀਆਂ ਘਟਨਾਵਾਂ ਵਿਚ ਔਰਤਾਂ ਅਤੇ ਬੱਚਿਆਂ ਸਣੇ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੜਾਕੇ ਦੀ ਠੰਡ ਅਤੇ ਖਰਾਬ ਮੌਸਮ ਨੇ ਪੂਰੇ ਦੇਸ਼ ਵਿਚ ਲੋਕਾਂ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸੜਕ ਆਵਾਜਾਈ ਅਤੇ ਸੰਚਾਰ ਸੇਵਾਵਾਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਕਈ ਇਲਾਕਿਆਂ ਵਿਚ ਸ਼ੀਤਲਹਿਰ ਕਾਰਨ ਜਨਜੀਵਨ ਠੱਪ ਹੋ ਗਿਆ ਅਤੇ ਦੇਸ਼ ਵਿਚ ਤਕਰੀਬਨ 84 ਲੋਕਾਂ ਦੀ ਮੌਤ ਹੋ ਗਈ। ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਥਿਤ ਨੀਲਮ ਘਾਟੀ ਵਿਚ ਪਿਛਲੇ 24 ਘੰਟੇ ਵਿਚ ਆਏ ਐਵਲਾਂਚ ਤੋਂ ਪੰਦਰਾਂ ਪਿੰਡ ਪ੍ਰਭਾਵਿਤ ਹੋਏ। ਇਸ ਘਟਨਾ ਵਿਚ 45 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ।

ਬਚਾਅ ਦਸਤਿਆਂ ਨੇ 42 ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ। ਇਸ ਘਟਨਾ ਕਾਰਨ ਸੜਕਾਂ ਪ੍ਰਭਾਵਿਤ ਹੋਣ ਦੇ ਚੱਲਦੇ ਅਧਿਕਾਰੀਆਂ ਨੂੰ ਪੀੜਤਾਂ ਤੱਕ ਪਹੁੰਚਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਬਲੋਚਿਸਤਾਨ ਸਰਕਾਰ ਦੇ ਲਿਆਕਤ ਸ਼ਾਹਵਾਨੀ ਨੇ ਦੱਸਿਆ ਕਿ ਬਲੋਚਿਸਤਾਨ ਵਿਚ ਮੀਂਹ ਅਤੇ ਬਰਫਬਾਰੀ ਦੀਆਂ ਘਟਨਾਵਾਂ ਵਿਚ 20 ਲੋਕਾਂ ਦੀ ਮੌਤ ਹੋ ਗਈ। ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਭਿਆਨਕ ਬਰਫੀਲੇ ਤੂਫਾਨ ਨਾਲ ਸੋਮਵਾਰ ਨੂੰ ਖਰਾਬ ਮੌਸਮ ਵਿਚ ਔਰਤਾਂ ਅਤੇ ਬੱਚਿਆਂ ਸਣੇ ਸੈਂਕੜੇ ਯਾਤਰੀ ਫੱਸ ਗਏ ਸਨ। ਰਾਹਤ, ਆਫਤ ਅਤੇ ਸਿਵਲ ਰੱਖਿਆ ਮੰਤਰੀ ਸਈਅਦ ਸ਼ਾਹਿਦ ਮੋਹਿਦੀਨ ਕਾਦਰੀ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਉੱਚੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਅਤੇ ਮੀਂਹ ਨਾਲ ਕਈ ਸੜਕਾਂ ਪ੍ਰਭਾਵਿਤ ਹੋ ਗਈਆਂ। ਖਬਰ ਵਿਚ ਦੱਸਿਆ ਗਿਆ ਹੈ ਕਿ ਮੋਹਲੇਧਾਰ ਮੀਂਹ ਨਾਲ ਸਿਆਲਕੋਟ, ਗੁਜਰਾਤ ਅਤੇ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਦੇ ਹੇਠਲੇ  ਇਲਾਕਿਆਂ ਵਿਚ ਹੜ੍ਹ ਆ ਗਿਆ।


Sunny Mehra

Content Editor

Related News