ਪਾਕਿ ''ਚ 190 ਫੀਸਦੀ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ
Tuesday, Jun 25, 2019 - 05:07 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਸਰਕਾਰ ਮਹਿੰਗਾਈ ਦੀ ਮਾਰ ਝੱਲ ਰਹੇ ਆਪਣੇ ਨਾਗਰਿਕਾਂ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ ਵਿਚ ਹੈ। ਇੱਥੇ ਜੁਲਾਈ ਮਹੀਨੇ ਵਿਚ ਗੈਸ ਦੀਆਂ ਕੀਮਤਾਂ ਵਿਚ 190 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿਚ ਕਿਹਾ ਗਿਆ ਕਿ ਪੈਟਰੋਲੀਅਮ ਡਿਵੀਜ਼ਨ ਨੇ ਇਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿਚ ਅਗਲੇ ਮਹੀਨੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਇਕ ਮਹੀਨੇ ਵਿਚ 50 ਘਣ ਮੀਟਰ ਗੈਸ ਵਰਤਣ 'ਤੇ 63 ਰੁਪਏ ਪ੍ਰਤੀ ਯੂਨਿਟ ਵਸੂਲੇ ਜਾ ਸਕਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਮਹੀਨੇ ਦੌਰਾਨ 100 ਘਣ ਮੀਟਰ ਗੈਸ ਦੀ ਵਰਤੋਂ ਕਰਨ 'ਤੇ ਪ੍ਰਤੀ ਯੂਨਿਟ 242 ਰੁਪਏ ਵਸੂਲੇ ਜਾਣਗੇ। ਇਹ ਵਾਧਾ 190.55 ਫੀਸਦੀ ਹੋਵੇਗਾ। ਸੂਤਰਾਂ ਮੁਤਾਬਕ ਪੈਟਰੋਲੀਅਮ ਵਿਭਾਗ ਦੀ ਸਿਫਾਰਿਸ਼ ਨੂੰ ਮਨਜ਼ੂਰੀ ਲਈ ਆਰਥਿਕ ਤਾਲਮੇਲ ਕਮੇਟੀ ਕੋਲ ਭੇਜਿਆ ਜਾਵੇਗਾ।