ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਵਿਦੇਸ਼ੀ ਨੇਤਾਵਾਂ ਨੂੰ ਸੱਦੇ ਨੂੰ ਪਾਰਟੀ ਨੇ ਕੀਤਾ ਰੱਦ

Wednesday, Aug 01, 2018 - 04:09 PM (IST)

ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਵਿਦੇਸ਼ੀ ਨੇਤਾਵਾਂ ਨੂੰ ਸੱਦੇ ਨੂੰ ਪਾਰਟੀ ਨੇ ਕੀਤਾ ਰੱਦ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਇਮਰਾਨ ਖਾਨ 11 ਅਗਸਤ ਨੂੰ ਸਹੁੰ ਚੁੱਕਣਗੇ। ਉੱਧਰ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਮੀਡੀਆ ਦੀਆਂ ਉਨ੍ਹਾਂ ਖਬਰਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਜਾਵੇਗਾ। ਇਨ੍ਹਾਂ ਵਿਚ ਪੀ.ਐੱਮ. ਮੋਦੀ ਦਾ ਨਾਮ ਵੀ ਸ਼ਾਮਲ ਸੀ।

PunjabKesari

ਪਾਰਟੀ ਦੇ ਬੁਲਾਰੇ ਫਵਾਦ ਹੁਸੈਨ ਨੇ ਟਵੀਟ ਕੀਤਾ,''ਪੀ.ਐੱਮ. ਦੇ ਸਹੁੰ ਚੁੱਕ ਸਮਾਗਮ ਵਿਚ ਅੰਤਰਰਾਸ਼ਟਰੀ ਨੇਤਾਵਾਂ ਨੂੰ ਬੁਲਾਉਣ ਵਾਲੀਆਂ ਮੀਡੀਆ ਦੀਆਂ ਖਬਰਾਂ ਸਹੀ ਨਹੀਂ ਹਨ। ਅਸੀਂ ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਤੋਂ ਸੁਝਾਅ ਮੰਗਿਆ ਹੈ ਅਤੇ ਅਸੀਂ ਉਸ ਮੁਤਾਬਕ ਫੈਸਲਾ ਲਵਾਂਗੇ।'' ਫਵਾਦ ਹੁਸੈਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪੀ.ਐੱਮ. ਮੋਦੀ ਦਾ ਇਮਰਾਨ ਨੂੰ ਜਿੱਤ 'ਤੇ ਫੋਨ ਕਰ ਕੇ ਵਧਾਈ ਦੇਣਾ ਇਕ ਚੰਗਾ ਕਦਮ ਹੈ। ਇਸ ਕਦਮ ਦਾ ਸਵਾਗਤ ਕਰਨਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਮੰਗਲਵਾਰ ਨੂੰ ਮੀਡੀਆ ਖਬਰਾਂ ਵਿਚ ਕਿਹਾ ਗਿਆ ਸੀ ਕਿ ਇਮਰਾਨ ਖਾਨ ਅਗਲੇ ਮਹੀਨੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਪੀ.ਐੱਮ. ਮੋਦੀ ਸਮੇਤ ਸਾਰਕ ਦੇ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦੇਣ 'ਤੇ ਵਿਚਾਰ ਕਰ ਰਹੇ ਹਨ।

 


Related News