ਪਾਕਿ : ਦੋ ਸ਼ਹਿਰਾਂ ''ਚ ਸੜਕ ਕਿਨਾਰੇ ਪਾਏ ਗਏ ਬੈਲੇਟ ਪੇਪਰ ਤੇ ਬੈਲੇਟ ਬਾਕਸ

Sunday, Jul 29, 2018 - 04:40 PM (IST)

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਕਰਾਚੀ ਅਤੇ ਸਿਆਲਕੋਟ ਸ਼ਹਿਰਾਂ ਵਿਚ ਸੜਕ ਕਿਨਾਰੇ 5 ਖਾਲੀ ਬੈਲੇਟ ਬਾਕਸ ਅਤੇ ਇਕ ਦਰਜਨ ਤੋਂ ਜ਼ਿਆਦਾ ਬੈਲੇਟ ਪੇਪਰ ਮਿਲੇ ਹਨ। ਇਸ ਨਾਲ ਚੋਣ ਕਮਿਸ਼ਨ ਦੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਦੇ ਬਿਆਨ 'ਤੇ ਸ਼ੱਕ ਪੈਦਾ ਹੋ ਗਿਆ ਹੈ। ਇਕ ਪਾਸੇ ਯੂਰਪੀ ਯੂਨੀਅਨ ਦੇ ਚੋਣ ਸੁਪਰਵਾਈਜ਼ਰਾਂ ਦੀ ਇਕ ਟੀਮ ਇਸ ਨਤੀਜੇ 'ਤੇ ਪਹੁੰਚੀ ਸੀ ਕਿ 25 ਜੁਲਾਈ ਨੂੰ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਦੌਰਾਨ ਪ੍ਰਗਟਾਵੇ ਦੀ ਆਜ਼ਾਦੀ ''ਬਲਾਕ'' ਹੋਈ ਅਤੇ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ ''ਸਮਾਨ ਮੌਕੇ'' ਨਹੀਂ ਮਿਲੇ। 
ਦੂਜੇ ਪਾਸੇ ਚੋਣਾਂ ਵਿਚ ਘਪਲੇ ਦੇ ਦੋਸ਼ ਲਗਾਉਣ ਵਾਲੀਆਂ ਕਈ ਪਾਰਟੀਆਂ ਦੀ ਹੋਈ ਸਾਂਝੀ ਬੈਠਕ ਵਿਚ ਦੇਸ਼ਵਿਆਪੀ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਬੈਠਕ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੀ ਸ਼ਾਮਲ ਸੀ, ਜਿਸ ਨੇ ਚੋਣਾਂ ਦੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਅਤੇ ਦੁਬਾਰਾ ''ਪਾਰਦਰਸ਼ੀ'' ਚੋਣਾਂ ਕਰਾਉਣ ਦੀ ਮੰਗ ਕੀਤੀ। ਇਕ ਅੰਗਰੇਜ਼ੀ ਅਖਬਾਰ ਵਿਚ ਡੀ.ਆਈ.ਜੀ. ਪੁਲਸ ਅਮੀਰ ਫਾਰੂਕੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐੱਨ.ਏ.-241 ਸੀਟ ਤੋਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਉਮੀਦਵਾਰ ਮੋਅਜ਼ੱਮ ਅਲੀ ਕੁਰੈਸ਼ੀ ਨੇ ਪੁਲਸ ਨੂੰ ਸ਼ਹਿਰ ਦੇ ਕਿਊਮਾਬਾਦ ਇਲਾਕੇ ਵਿਚ ਕੂੜੇ ਦੇ ਢੇਰ ਵਿਚ ਬੈਲੇਟ ਪੇਪਰ ਪਏ ਹੋਣ ਦੀ ਸੂਚਨਾ ਦਿੱਤੀ।


Related News