ਪਾਕਿ ''ਚ ਕੋਰੋਨਾ ਮਾਮਲੇ 69,400 ਦੇ ਪਾਰ, ਮ੍ਰਿਤਕਾਂ ਦੀ ਗਿਣਤੀ 1500 ਦੇ ਕਰੀਬ

05/31/2020 2:19:22 PM

ਇਸਲਾਮਾਬਾਦ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ ਵੱਧ ਕੇ 69,474 ਹੋ ਗਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 1,483 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 88 ਹੋਰ ਮੌਤਾਂ ਅਤੇ 3,039 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਗਏ। ਸਿਹਤ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਵਿਚ ਕੋਵਿਡ-19 ਪੀੜਤਾਂ ਦੀ ਗਿਣਤੀ ਹੁਣ 69,474 ਅਤੇ ਮੌਤਾਂ ਦੀ ਗਿਣਤੀ 1,483 ਹੈ। ਇਸ ਵਿਚੋਂ ਹੁਣ ਤੱਕ 25,271 ਮਰੀਜ਼ ਠੀਕ ਹੋ ਚੁੱਕੇ ਹਨ।

ਸਿੰਧ ਵਿਚ ਸਭ ਤੋਂ ਵੱਧ 27,360 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਵਿਚ 25,056, ਖੈਬਰ-ਪਖਤੂਨਖਵਾ ਵਿਚ 9,540, ਬਲੋਚਿਸਤਾਨ ਵਿਚ 4,193, ਇਸਲਾਮਾਬਾਦ ਵਿਚ 2,418, ਗਿਲਗਿਤ-ਬਾਲਟਿਸਤਾਨ ਵਿਚ 678 ਅਤੇ ਮਕਬੂਜ਼ਾ ਕਸ਼ਮੀਰ ਵਿਚ 251 ਮਰੀਜ਼ ਹਨ। ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ 14,972 ਸਮੇਤ 547,030 ਟੈਸਟ ਕੀਤੇ ਹਨ।ਦੇਸ਼ ਵਿੱਚ 24 ਮਈ ਨੂੰ ਮਨਾਏ ਜਾਣ ਵਾਲੇ ਈਦ ਤੋਂ ਪਹਿਲਾਂ ਸਰਕਾਰ ਵੱਲੋਂ ਤਾਲਾਬੰਦੀ ਵਿੱਚ ਢਿੱਲ ਦੇ ਬਾਅਦ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਭਾਵੇਂਕਿ ਇਸ ਵਾਧੇ ਤੋਂ ਨਜ਼ਰ ਅੰਦਾਜ਼ ਕਰਦਿਆਂ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਨੇ ਸੂਬਿਆਂ ਨੂੰ ਕੁਝ ਹੋਰ ਸੈਕਟਰ ਮੁੜ ਖੋਲ੍ਹਣ ਦੀਆਂ ਸਿਫਾਰਸ਼ਾਂ ਨੂੰ ਅੰਤਮ ਰੂਪ ਦੇਣ ਲਈ ਫੀਡਬੈਕ ਦੇਣ ਲਈ ਕਿਹਾ ਹੈ। ਸ਼ਨੀਵਾਰ ਨੂੰ ਇੱਥੇ ਯੋਜਨਾਬੰਦੀ ਦੇ ਸੰਘੀ ਮੰਤਰੀ ਅਸਦ ਉਮਰ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਕੋਵਿਡ-19 ਬਾਰੇ ਲੰਬੀ ਅਤੇ ਛੋਟੀ ਮਿਆਦ ਦੀਆਂ ਰਣਨੀਤੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਰੇਡੀਓ ਪਾਕਿਸਤਾਨ ਦੇ ਮੁਤਾਬਕ ਐਨਸੀਓਸੀ ਨੇ ਸਿਫਾਰਸ਼ ਕੀਤੀ ਹੈ ਕਿ ਵਿਦਿਅਕ ਸੰਸਥਾਵਾਂ ਨੂੰ ਅਗਸਤ ਤੱਕ ਬੰਦ ਰੱਖਿਆ ਜਾਵੇ। ਇਸ ਵਿਚ ਇਹ  ਸਿਫਾਰਸ਼ ਵੀ ਕੀਤੀ ਗਈ ਕਿ ਮੈਰਿਜ ਹਾਲਾਂ ਨੂੰ ਮਹਿਮਾਨਾਂ ਦੀ ਸੀਮਤ ਗਿਣਤੀ ਦੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਮਹਿਮਾਨਾਂ ਨੂੰ ਸਿਰਫ ਇੱਕ ਡਿਸ਼ ਪਰੋਸੀ ਜਾਵੇਗੀ ਅਤੇ ਓਪਰੇਟਰ ਹੋਰ ਸਾਰੀਆਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਪਾਲਣਾ ਕਰਨਗੇ।
 


Vandana

Content Editor

Related News