ਪਾਕਿ ''ਚ ਕੋਰੋਨਵਾਇਰਸ ਦਾ 5ਵਾਂ ਮਾਮਲਾ ਆਇਆ ਸਾਹਮਣੇ

Tuesday, Mar 03, 2020 - 12:36 PM (IST)

ਪਾਕਿ ''ਚ ਕੋਰੋਨਵਾਇਰਸ ਦਾ 5ਵਾਂ ਮਾਮਲਾ ਆਇਆ ਸਾਹਮਣੇ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਅੱਜ ਭਾਵ ਮੰਗਲਵਾਰ ਨੂੰ ਕੋਰੋਨਾਵਾਇਰਸ ਦਾ 5ਵਾਂ ਮਾਮਲਾ ਸਾਹਮਣੇ ਆਇਆ। ਇੱਥੇ ਅਧਿਕਾਰੀਆਂ ਵੱਲੋਂ ਈਰਾਨ ਤੋਂ ਪਰਤੀ ਇਕ 45 ਸਾਲਾ ਮਹਿਲਾ ਦਾ ਜਦੋਂ ਪਰੀਖਣ ਕੀਤਾ ਗਿਆ ਤਾਂ ਉਸ ਵਿਚ ਜਾਨਲੇਵਾ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ। ਇਸ ਨਾਲ ਦੇਸ਼ ਵਿਚ ਕੋਵਿਡ-19 ਨਾਲ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 5 ਹੋ ਗਈ ਹੈ। ਇਸ ਤੋਂ ਪਹਿਲਾਂ 29 ਫਰਵਰੀ ਨੂੰ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੋ ਹੋਰ ਪੌਜੀਟਿਵ ਮਾਮਲੇ ਸਾਹਮਣੇ ਆਏ ਸਨ। 

ਕੁਝ ਦਿਨ ਪਹਿਲਾਂ ਈਰਾਨ ਤੋਂ ਪਰਤੀ ਮਹਿਲਾ ਉੱਤਰ ਵਿਚ ਗਿਲਗਿਤ-ਬਾਲਟੀਸਤਾਨ (GB) ਖੇਤਰ ਦੇ ਗਿਲਗਿਤ ਸ਼ਹਿਰ ਦੀ ਵਸਨੀਕ ਹੈ।  ਸਿਹਤ 'ਤੇ ਵਿਸ਼ੇਸ਼ ਸਲਾਹਕਾਰ ਡਾਕਟਰ ਜ਼ਫਰ ਮਿਰਜ਼ਾ ਨੇ ਕਿਹਾ,''ਸਾਡੇ ਕੋਲ ਹੁਣ ਫੈਡਰਲ ਖੇਤਰਾਂ ਵਿਚੋਂ #COVID19 ਦਾ 5ਵਾਂ ਮਾਮਲਾ ਸਾਹਮਣੇ ਆਇਆ ਹੈ। ਰੋਗੀ ਦੀ ਹਾਲਤ ਸਥਿਰ ਹੈ ਅਤੇ ਇਸ ਦਾ ਪ੍ਰਬੰਧਨ ਚੰਗੀ ਤਰ੍ਹਾਂ ਕੀਤਾ ਜਾ ਰਿਹਾ ਹੈ। ਮੈਂ ਮੀਡੀਆ ਨੂੰ ਮਰੀਜ਼ ਅਤੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹਾਂ।'' 

ਸ਼ਨੀਵਾਰ ਨੂੰ ਗਿਲਗਿਤ ਜ਼ਿਲਾ ਹਸਪਤਾਲ ਦੇ ਮਰੀਜ਼ ਦੇ ਖੂਨ ਦੇ ਨਮੂਨੇ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਇਸਲਾਮਾਬਾਦ ਲਈ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮਰੀਜ਼ ਨੂੰ ਪੌਜ਼ੀਟਿਵ ਪਾਏ ਜਾਣ ਦੇ ਬਾਅਦ ਇਕ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਜੀ.ਬੀ. ਸਰਕਾਰ ਨੇ ਆਪਣੇ ਪਹਿਲੇ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਦੇ ਬਾਅਦ 7 ਮਾਰਚ ਤੱਕ ਵਿੱਦਿਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ। ਦੇਸ਼ ਵਿਚ ਜਾਨਲੇਵਾ ਵਾਇਰਸ ਸਾਹਮਣੇ ਆਉਣ ਦੇ ਬਾਅਦ ਸਿੰਧ ਅਤੇ ਬਲੋਚਿਸਤਾਨ ਸੂਬੇ ਪਹਿਲਾਂ ਹੀ ਆਪਣੇ ਸਕੂਲ ਅਤੇ ਕਾਲੇਜ ਬੰਦ ਕਰ ਚੁੱਕੇ ਹਨ।ਇਸ ਦੇ ਇਲਾਵਾ ਪਾਕਿਸਤਾਨ ਨੇ ਈਰਾਨ ਅਤੇ ਅਫਗਾਨਿਸਤਾਨ ਨਾਲ ਲੱਗਦੀ ਆਪਣੀ ਸੀਮਾ ਬੰਦ ਕਰ ਦਿੱਤੀ ਹੈ। ਹੁਣ ਤੱਕ ਪਾਕਿਸਤਾਨ ਵਿਚ ਕਿਸੇ ਕੋਰੋਨਾਵਾਇਰਸ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਮਿਰਜ਼ਾ ਨੇ ਕਿਹਾ ਕਿ ਸਾਰੇ ਮਰੀਜ਼ ਸਥਿਰ ਹਾਲਤ ਵਿਚ ਸਨ।


author

Vandana

Content Editor

Related News