ਪਾਕਿ ਸਰਕਾਰ ਦਾ ਵੱਡਾ ਫ਼ੈਸਲਾ, ਵੈਕਸੀਨ ਨਾ ਲਗਵਾਉਣ ਵਾਲੇ ਹਵਾਈ ਯਾਤਰੀਆਂ ’ਤੇ ਲਾਈ ਪਾਬੰਦੀ

Friday, Oct 01, 2021 - 04:37 PM (IST)

ਪਾਕਿ ਸਰਕਾਰ ਦਾ ਵੱਡਾ ਫ਼ੈਸਲਾ, ਵੈਕਸੀਨ ਨਾ ਲਗਵਾਉਣ ਵਾਲੇ ਹਵਾਈ ਯਾਤਰੀਆਂ ’ਤੇ ਲਾਈ ਪਾਬੰਦੀ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਕੋਵਿਡ-19 ਰੋਕੂ ਟੀਕੇ ਦੀ ਖੁਰਾਕ ਨਾ ਲੈਣ ਵਾਲੇ ਯਾਤਰੀਆਂ ਦੀ ਹਵਾਈ ਯਾਤਰਾ ’ਤੇ ਸ਼ੁੱਕਰਵਾਰ ਪਾਬੰਦੀ ਲਾ ਦਿੱਤੀ। ਮੀਡੀਆ ’ਚ ਆਈਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਜਿਓ ਨਿਊਜ਼ ਦੀ ਇਕ ਖ਼ਬਰ ਅਨੁਸਾਰ ਰਾਸ਼ਟਰੀ ਕਮਾਂਡ ਅਤੇ ਸੰਚਾਲਨ ਕੇਂਦਰ (ਐੱਨ. ਸੀ. ਓ. ਸੀ.) ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ 1 ਅਕਤੂਬਰ ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਸਿਰਫ ਉਨ੍ਹਾਂ ਹੀ ਯਾਤਰੀਆਂ ਨੂੰ ਪਾਕਿਸਤਾਨ ਤੋਂ ਅਤੇ ਦੇਸ਼ ਦੇ ਅੰਦਰ ਹਵਾਈ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਇਹ ਕਦਮ ਪਾਕਿਸਤਾਨ ਦੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਅਤੇ ਭਵਿੱਖ ’ਚ ਸਖਤ ਤਾਲਾਬੰਦੀ ਤੋਂ ਬਚਣ ਲਈ ਇਕ ਅਭਿਆਸ ਵਜੋਂ ਚੁੱਕਿਆ ਗਿਆ ਹੈ।

ਵੀਰਵਾਰ ਨੂੰ ਪਾਬੰਦੀ ਦਾ ਐਲਾਨ ਕਰਦਿਆਂ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਟਵੀਟ ਕੀਤਾ, ‘‘ਸਿਰਫ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਯਾਤਰੀਆਂ ਨੂੰ ਪਾਕਿਸਤਾਨ ਦੇ ਅੰਦਰ ਘਰੇਲੂ ਹਵਾਈ ਯਾਤਰਾ ਕਰਨ ਦੀ ਆਗਿਆ ਹੋਵੇਗੀ, ਜਿਨ੍ਹਾਂ ਨੇ ਟੀਕੇ ਦੀ ਪੂਰੀ ਖੁਰਾਕ ਲਈ ਹੈ।" ਜਿਨ੍ਹਾਂ ਮਰੀਜ਼ਾਂ ਨੂੰ ਵੈਕਸੀਨ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ, ਉਨ੍ਹਾਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਡਾਕਟਰ ਤੋਂ ਮਿਲਿਆ ਸਰਟੀਫਿਕੇਟ ਦਿਖਾਉਣਾ ਪਵੇਗਾ। ਵਿਦੇਸ਼ੀ ਪਾਸਪੋਰਟ ਰੱਖਣ ਵਾਲੇ ਯਾਤਰੀਆਂ ਅਤੇ ਪਾਕਿਸਤਾਨ ਤੋਂ ਬਾਹਰ ਯਾਤਰਾ ਕਰਨ ਵਾਲਿਆਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਜਿਓ ਟੀ. ਵੀ. ਦੀ ਖ਼ਬਰ ਦੇ ਅਨੁਸਾਰ ਜਿਹੜੇ ਯਾਤਰੀ 1 ਅਕਤੂਬਰ ਤੋਂ ਪਹਿਲਾਂ ਪਾਕਿਸਤਾਨ ਗਏ ਹਨ, ਉਨ੍ਹਾਂ ਨੂੰ ਬਿਨਾਂ ਸਰਟੀਫਿਕੇਟ ਦੇ ਬਾਹਰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਇਸ ਹਫਤੇ ਦੇ ਸ਼ੁਰੂ ’ਚ ਐੱਨ. ਸੀ. ਓ. ਸੀ. ਦੇ ਇਕ ਆਦੇਸ਼ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਸੀ, ਉਨ੍ਹਾਂ ਨੂੰ ਰੈਸਟੋਰੈਂਟਾਂ, ਵਿਆਹ ਸਮਾਗਮਾਂ ਅਤੇ ਸ਼ਾਪਿੰਗ ਮਾਲ ’ਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਤੱਕ ਪਾਕਿਸਤਾਨ ’ਚ ਸਿਰਫ 13 ਫੀਸਦੀ ਲੋਕਾਂ ਨੇ ਹੀ ਕੋਵਿਡ-19 ਰੋਕੂ ਟੀਕੇ ਦੀਆਂ ਪੂਰੀਆਂ ਖੁਰਾਕਾਂ ਲਈਆਂ ਹਨ। ਦੇਸ਼ ਦੇ ਲੋਕ ਟੀਕਾ ਲਗਵਾਉਣ ਤੋਂ ਝਿਜਕਦੇ ਹਨ। ਪਾਕਿਸਤਾਨ ’ਚ ਮਹਾਮਾਰੀ ਦੇ 12 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 27,785 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।


author

Manoj

Content Editor

Related News