ਮਾਹਿਰਾਂ ਦੀ ਚਿਤਾਵਨੀ : ਅਗਲੇ 4 ਸਾਲਾਂ ’ਚ PAK ’ਤੇ ਚੀਨ ਦਾ ਹੋ ਜਾਵੇਗਾ ਕਬਜ਼ਾ !
Wednesday, Sep 22, 2021 - 05:59 PM (IST)
ਇੰਟਰਨੈਸ਼ਨਲ ਡੈਸਕ : ਚੀਨ ਦਾ ਸੁਫ਼ਨਾ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਵਜੋਂ ਉੱਭਰਨਾ ਹੈ। ਇਸ ਦੇ ਲਈ ਡ੍ਰੈਗਨ ਦੋਸਤੀ ਤੇ ਹਮਦਰਦੀ ਦੀ ਆੜ ’ਚ ਕਈ ਦੇਸ਼ਾਂ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਫਸਾ ਚੁੱਕਾ ਹੈ। ਕਈ ਏਸ਼ੀਆਈ ਤੇ ਅਫ਼ਰੀਕੀ ਦੇਸ਼ ਵੀ ਚੀਨ ਦੇ ਇਸ ਚੱਕਰਵਿਊ ’ਚ ਬੁਰੀ ਤਰ੍ਹਾਂ ਫਸੇ ਹੋਏ ਹਨ। ਚੀਨ ਦੋਸਤੀ ਦੀ ਆੜ ’ਚ ਪਾਕਿਸਤਾਨ ਨੂੰ ਸ਼ੀਸ਼ੇ ’ਚ ਵੀ ਉਤਾਰ ਚੁੱਕਾ ਹੈ ਅਤੇ ਉਸ ਦੇ ਜਾਇਜ਼ ਤੇ ਨਾਜਾਇਜ਼ ਕੰਮਾਂ ’ਚ ਇਸ ਦਾ ਸਮਰਥਨ ਕਰ ਰਿਹਾ ਹੈ। ਦਰਅਸਲ, ਚੀਨ ਦਾ ਇਰਾਦਾ ਹੌਲੀ-ਹੌਲੀ ਪਾਕਿਸਤਾਨ ਨੂੰ ਫੜ ਕੇ ਭਾਰਤ ਤੱਕ ਪਹੁੰਚਣਾ ਹੈ। ਜਿਸ ਤਰ੍ਹਾਂ ਪਾਕਿਸਤਾਨ ’ਚ ਚੀਨ ਦੀ ਦਖਲਅੰਦਾਜ਼ੀ ਵਧ ਰਹੀ ਹੈ ਅਤੇ ਡ੍ਰੈਗਨ ਲਗਾਤਾਰ ਆਪਣੇ ਲੋਕਾਂ ਨੂੰ ਵੱਖ-ਵੱਖ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਭੇਜ ਰਿਹਾ ਹੈ, ਉਹ ਦਿਨ ਦੂਰ ਨਹੀਂ, ਜਦੋਂ ਪਾਕਿਸਤਾਨ ’ਚ ਚੀਨੀ ਲੋਕਾਂ ਦਾ ਦਬਦਬਾ ਹੋਵੇਗਾ।
ਇਮਰਾਨ ਦਾ ‘ਨਵਾਂ ਪਾਕਿਸਤਾਨ’ ਚੀਨ ਦੀ ਬਸਤੀ ਬਣ ਜਾਵੇਗਾ
ਚੀਨ ਦਾ ਵਧਦਾ ਦਬਦਬਾ ਪਾਕਿਸਤਾਨ ਨੂੰ ਆਰਥਿਕ ਗੁਲਾਮੀ ਵੱਲ ਧੱਕ ਰਿਹਾ ਹੈ ਅਤੇ ਇਮਰਾਨ ਦਾ ‘ਨਵਾਂ ਪਾਕਿਸਤਾਨ’ ਚੀਨ ਦੀ ਬਸਤੀ ਬਣਨ ਵੱਲ ਵਧ ਰਿਹਾ ਹੈ। ਅਗਲੇ ਚਾਰ ਸਾਲਾਂ ’ਚ ਪਾਕਿਸਤਾਨ ’ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਪਾਕਿਸਤਾਨ ’ਚ ਚੀਨ ਦੇ ਵਧਦੇ ਪ੍ਰਭਾਵ ਵਿਚਕਾਰ 50 ਲੱਖ ਨੂੰ ਪਾਰ ਕਰ ਜਾਵੇਗੀ। ਇਕ ਸੀਨੀਅਰ ਪਾਕਿਸਤਾਨੀ ਜਨਤਕ ਸਿਹਤ ਮਾਹਿਰ ਨੇ ਕਿਹਾ ਕਿ 2025 ਤੱਕ 50 ਲੱਖ ਤੋਂ ਵੱਧ ਚੀਨੀ ਨਾਗਰਿਕ ਪਾਕਿਸਤਾਨ ’ਚ ਕੰਮ ਕਰਨਗੇ। ਪਾਕਿਸਤਾਨ ’ਚ ਚੀਨੀ ਨਾਗਰਿਕਾਂ ਲਈ ਬਿਹਤਰ ਸਿਹਤ ਸਹੂਲਤਾਂ ਲਈ ਇਕ ਖਾਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ ’ਚ ਇਹ ਚੀਨੀ ਨਾਗਰਿਕ ਚੀਨ ਪਾਕਿਸਤਾਨ ਹੈਲਥ ਕੋਰੀਡੋਰ ਅਤੇ ਹੋਰ ਪ੍ਰੋਜੈਕਟਾਂ ’ਚ ਕੰਮ ਕਰਨਗੇ।
ਸਿਹਤ ਸਹੂਲਤਾਂ ਤੋਂ ਹੋ ਰਹੀ ਤਿਆਰੀ
ਦਿ ਨਿਊਜ਼ ਇੰਟਰਨੈਸ਼ਨਲ ਦੇ ਨਾਲ ਇਕ ਇੰਟਰਵਿਊ ਦੌਰਾਨ ਪਬਲਿਕ ਹੈਲਥ ਮਾਹਿਰ ਡਾਕਟਰ ਸ਼ਾਹਜ਼ਾਦ ਅਲੀ ਖਾਨ ਨੇ ਕਿਹਾ ਕਿ ਚੀਨ ਪਾਕਿਸਤਾਨ ਹੈਲਥ ਕੋਰੀਡੋਰ ਦੇ ਤਹਿਤ ਪਾਕਿਸਤਾਨੀ ਤੇ ਚੀਨੀ ਮੈਡੀਕਲ ਯੂਨੀਵਰਸਿਟੀਆਂ ਦੇ ਖੋਜ ਸੰਸਥਾਨਾਂ ਅਤੇ ਬਾਇਓਟੈਕਨਾਲੋਜੀ ਫਰਮਾਂ ’ਚ ਸਹਿਯੋਗ ਇਨ੍ਹਾਂ ਕਰਮਚਾਰੀਆਂ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਮਾਹਿਰ ਇਸ ਨੂੰ ਚੀਨ ਦੇ ਪਾਕਿਸਤਾਨ ’ਚ ਦਾਖਲ ਹੋਣ ਦੀ ਕੋਸ਼ਿਸ਼ ਦੇ ਰੂਪ ’ਚ ਦੇਖ ਰਹੇ ਹਨ। ਚੀਨੀ ਨਾਗਰਿਕ ਪਹਿਲਾਂ ਹੀ ਪਾਕਿਸਤਾਨ ’ਚ ਬਿਹਤਰ ਸਿਹਤ ਸਹੂਲਤਾਂ ਦੀ ਤਿਆਰੀ ਕਰ ਰਹੇ ਹਨ।
ਰਵਾਇਤੀ ਚੀਨੀ ਦਵਾਈਆਂ ’ਚ ਪਾਕਿਸਤਾਨੀ ਮਾਹਿਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ
ਅਕੈਡਮੀ ਆਫ਼ ਹੈਲਥ ਸਰਵਿਸਿਜ਼ (ਐੱਚ. ਐੱਸ. ਏ.) ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਸ਼ਾਹਜ਼ਾਦ ਅਲੀ ਖਾਨ ਨੇ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਪਾਕਿਸਤਾਨੀ ਮਾਹਿਰਾਂ ਨੂੰ ਆਧੁਨਿਕ ਡਾਕਟਰੀ ਤਕਨੀਕਾਂ ਦੇ ਨਾਲ-ਨਾਲ ਰਵਾਇਤੀ ਚੀਨੀ ਦਵਾਈਆਂ ਦੀ ਸਿਖਲਾਈ ਦੇਣਾ ਚਾਹੁੰਦੇ ਹਾਂ, ਜੋ ਲੱਖਾਂ ਲੋਕਾਂ ਲਈ ਪਸੰਦੀਦਾ ਇਲਾਜ ਹੈ। ਉਨ੍ਹਾਂ ਕਿਹਾ ਕਿ ਇਹ ਮਾਹਿਰ ਨਾ ਸਿਰਫ ਚੀਨੀ ਨਾਗਰਿਕਾਂ, ਬਲਕਿ ਪਾਕਿਸਤਾਨੀ ਲੋਕਾਂ ਦੀਆਂ ਵੀ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨਗੇ, ਜੋ ਬਦਲਵੇਂ ਇਲਾਜ ’ਚ ਵਿਸ਼ਵਾਸ ਕਰਦੇ ਹਨ।
ਬਲੋਚਿਸਤਾਨ ਲਿਬਰੇਸ਼ਨ ਆਰਮੀ ਕਰ ਰਹੀ ਹੈ ਵਿਰੋਧ
ਮਾਹਿਰਾਂ ਦੀ ਇਹ ਚਿਤਾਵਨੀ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਪਾਕਿਸਤਾਨ ’ਚ ਚੀਨ ਦਾ ਦਬਦਬਾ ਤੇਜ਼ੀ ਨਾਲ ਵਧ ਰਿਹਾ ਹੈ। ਪਾਕਿਸਤਾਨ ’ਚ ਚੀਨ ਦੇ ਵਧਦੇ ਦਬਦਬੇ ਕਾਰਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਵਰਗੀਆਂ ਸੰਸਥਾਵਾਂ ਇਸ ਦਾ ਵਿਰੋਧ ਕਰ ਰਹੀਆਂ ਹਨ ਅਤੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਤੇ ਹਮਲੇ ਕਰ ਰਹੀਆਂ ਹਨ। ਜਿਵੇਂ-ਜਿਵੇਂ ਪਾਕਿਸਤਾਨ ’ਚ ਚੀਨ ਦਾ ਪ੍ਰਭਾਵ ਵਧ ਰਿਹਾ ਹੈ, ਉਸੇ ਤਰਜ਼ ’ਤੇ ਪਾਕਿਸਤਾਨ ’ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ’ਤੇ ਹਮਲੇ ਵੀ ਤੇਜ਼ ਹੋ ਗਏ ਹਨ।