ਪਾਕਿ : ਕੋਲਾ ਖਾਨ ''ਚ ਧਮਾਕਾ, ਤਿੰਨ ਦੀ ਮੌਤ
Tuesday, Jan 22, 2019 - 09:47 AM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਡਿੱਕੀ ਜ਼ਿਲੇ ਵਿਚ ਇਕ ਕੋਲਾ ਖਾਨ ਵਿਚ ਗੈਸ ਧਮਾਕਾ ਹੋ ਗਿਆ। ਇਸ ਹਾਦਸੇ ਵਿਚ 3 ਕਰਮਚਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲੋਚਿਸਤਾਨ ਵਿਚ ਖਾਨਾਂ ਦੇ ਮੁੱਖ ਇੰਸਪੈਕਟਰ ਸ਼ਫਕਤ ਫੈਯਾਜ਼ ਨੇ ਕਿਹਾ ਕਿ ਤਿੰਨ ਹੋਰ ਕਰਮਚਾਰੀ ਧਮਾਕੇ ਦੇ ਬਾਅਦ ਢੱਠੀ ਖਾਨ ਵਿਚ ਫਸੇ ਰਹਿ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ 6 ਮਜ਼ਦੂਰ ਕਰੀਬ 1,700 ਫੁੱਟ ਡੂੰਘੀ ਖਾਨ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਹੋਏ ਮੀਥੇਨ ਗੈਸ ਧਮਾਕੇ ਵਿਚ ਖਾਨ ਦਾ ਇਕ ਹਿੱਸਾ ਢਹਿ ਗਿਆ।
ਫੈਯਾਜ਼ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਮਲਬੇ ਵਿਚੋਂ ਤਿੰਨ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ ਜਿਨ੍ਹਾਂ ਦੀ ਪਛਾਣ ਮੁਹੰਮਦ ਉਮਰ, ਅਬਦੁੱਲ ਮੰਨਾਨ ਅਤੇ ਅਬਦੱਲ ਗਨੀ ਦੇ ਰੂਪ ਵਿਚ ਹੋਈ ਹੈ। ਉੱਥੇ ਇਕ ਸਥਾਨਕ ਮਜ਼ਦੂਰ ਸੰਗਠਨ ਦੇ ਸੰਚਾਲਕ ਖੈਰ ਮੁਹੰਮਦ ਨੇ ਦਾਅਵਾ ਕੀਤਾ ਕਿ ਹਾਦਸੇ ਵਿਚ 6 ਮਜ਼ਦੂਰਾਂ ਦੀ ਮੌਤ ਹੋਈ ਹੈ ਕਿਉਂਕਿ ਹਾਦਸੇ ਸਮੇਂ ਖਾਨ ਵਿਚ ਦੋ ਦਰਜਨ ਤੋਂ ਜ਼ਿਆਦਾ ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮਲਬੇ ਦੇ ਅੰਦਰ ਕਰੀਬ 19 ਕਰਮਚਾਰੀ ਫਸੇ ਹੋਏ ਹਨ।
ਡਿੱਕੀ ਇਲਾਕੇ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੇ ਬਚਾਅ ਮੁਹਿੰਮ ਵਿਚ ਹਿੱਸਾ ਲਿਆ ਕਿਉਂਕਿ ਅਧਿਕਾਰੀ ਹਾਦਸੇ ਦੇ ਕਰੀਬ 14 ਘੰਟੇ ਬਾਅਦ ਹਾਦਸਾ ਸਥਲ 'ਤੇ ਪਹੁੰਚੇ। ਕਾਕਾਰ ਨੇ ਕਿਹਾ,''ਮਜ਼ਦੂਰਾਂ ਨੂੰ ਖੁਦ ਹੀ ਬਚਾਅ ਮੁਹਿੰਮ ਵਿਚ ਲੱਗਣਾ ਪਿਆ।'' ਹਾਲ ਹੀ ਦੇ ਕੁਝ ਮਹੀਨਿਆਂ ਵਿਚ ਖਣਿਜਾਂ ਅਤੇ ਕੁਦਰਤੀ ਸਰੋਤਾਂ ਨਾਲ ਖੁਸ਼ਹਾਲ ਬਲੋਚਿਸਤਾਨ ਸੂਬੇ ਵਿਚ ਲਗਾਤਾਰ ਖਾਨ ਹਾਦਸੇ ਹੋਏ ਹਨ।