ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਅਦ ਇਮਰਾਨ ਦੇ ਕਰੀਬੀ ਜਨਰਲ ਅਸੀਮ ਬਾਜਵਾ ਨੇ ਦਿੱਤਾ ਅਸਤੀਫਾ
Friday, Sep 04, 2020 - 06:31 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਜਨਰਲ ਅਸੀਮ ਸਲੀਮ ਬਾਜਵਾ ਨੇ ਅਰਬਾਂ ਰੁਪਈਆਂ ਦੇ ਭ੍ਰਿਸ਼ਟਾਚਾਰ ਦੇ ਖੁਲਾਸੇ ਦੇ ਬਾਅਦ ਅਖੀਰ ਪੀ.ਐੱਮ.ਦੇ ਸਲਾਹਕਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਕਿਸਤਾਨੀ ਫੌਜ ਅਤੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਪ੍ਰਧਾਨ ਅਹੁਦੇ 'ਤੇ ਰਹਿੰਦੇ ਹੋਏ ਜਨਰਲ ਬਾਜਵਾ 'ਤੇ ਅਰਬਾਂ ਰੁਪਈਆਂ ਦੀ ਦੌਲਤ ਬਣਾਉਣ ਦਾ ਦੋਸ਼ ਲੱਗਿਆ ਹੈ। ਬਾਜਵਾ ਨੇ ਹਾਲੇ ਕਰੀਬ 60 ਅਰਬ ਡਾਲਰ ਦੇ ਸੀ.ਪੀ.ਈ.ਸੀ. ਪ੍ਰਾਜੈਕਟ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ ਨਹੀਂ ਸੌਂਪਿਆ ਹੈ। ਜਨਰਲ ਬਾਜਵਾ 'ਤੇ ਚਾਰ ਦੇਸ਼ਾਂ ਵਿਚ 99 ਕੰਪਨੀਆਂ ਅਤੇ 133 ਪਾਪ ਜੌਨ ਪਿੱਜ਼ਾ ਦੇ ਰੈਸਟੋਰੈਂਟ ਬਣਾਉਣ ਦਾ ਦੋਸ਼ ਹੈ।
ਬਾਜਵਾ ਨੇ ਪਹਿਲਾਂ ਇਸ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਪਾਕਿਸਤਾਨੀ ਪੱਤਰਕਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਖੀਰ ਚਾਰੇ ਪਾਸਿਓਂ ਦਬਾਅ ਦੇ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਪਾਕਿਸਤਾਨੀ ਫੌਜ ਦੇ ਬੁਲਾਰੇ ਰਹਿ ਚੁੱਕੇ ਅਸੀਮ ਬਾਜਵਾ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਉਹ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ। ਇਸ ਤੋਂ ਪਹਿਲਾਂ ਬਾਜਵਾ ਨੇ ਇਕ ਬਿਆਨ ਜਾਰੀ ਕਰ ਕੇ ਆਪਣੇ ਖਿਲਾਫ਼ ਲੱਗੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ। ਬਾਜਵਾ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਮੈਨੂੰ ਆਪਣਾ ਪੂਰਾ ਫੋਕਸ ਸੀ.ਪੀ.ਈ.ਸੀ. 'ਤੇ ਕਰਨ ਦੀ ਇਜਾਜ਼ਤ ਦੇਣਗੇ।''
ਪੜ੍ਹੋ ਇਹ ਅਹਿਮ ਖਬਰ- ਪਹਿਲੀ ਵਾਰ ਇਕ ਬੀਬੀ ਦੇ ਹੱਥਾਂ 'ਚ ਕੈਨੇਡਾ ਦੀ ਪੁਲਾੜ ਏਜੰਸੀ ਦੀ ਕਮਾਂਡ
ਇਸ ਤੋਂ ਪਹਿਲਾਂ ਮੀਡੀਆ ਵਿਚ ਬਾਜਵਾ ਦੇ ਭ੍ਰਿਸ਼ਟਾਚਾਰ ਦੇ ਖੁਲਾਸੇ ਦੇ ਬਾਅਦ ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੂੰ ਆਪਣੇ ਪਿਤਾ ਵੱਲੋਂ ਅਸੀਮ ਬਾਜਵਾ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਮੀਡੀਆ ਵਿਚ ਖੁਲਾਸੇ ਦੇ ਬਾਅਦ ਮਰੀਅਮ ਦੇ ਜ਼ੋਰਦਾਰ ਦਬਾਅ ਦੇ ਬਾਅਦ ਇਮਰਾਨ ਖਾਨ ਨੂੰ ਮਜਬੂਰੀ ਵਿਚ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਬਹੁਤ ਕਰੀਬੀ ਅਸੀਮ ਬਾਜਵਾ ਨੂੰ ਅਸਤੀਫਾ ਦੇਣ ਲਈ ਕਹਿਣਾ ਪਿਆ ਹੈ।
ਇਸ ਤੋਂ ਪਹਿਲਾਂ ਅਸੀਮ ਬਾਜਵਾ ਦੀ ਅਰਬਾਂ ਦੀ ਜਾਇਦਾਦ ਦਾ ਖੁਲਾਸਾ ਕਰਨ ਵਾਲੇ ਪੱਤਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ। ਇਸ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਪਾਕਿਸਤਾਨੀ ਪੱਤਰਕਾਰ ਅਹਿਮਦ ਨੂਰਾਨੀ ਨੇ ਪਿਛਲੇ ਦਿਨੀਂ ਟਵੀਟ ਕਰ ਕੇ ਕਿਹਾ ਸੀ ਕਿ ਪਿਛਲੇ ਕੁਝ ਘੰਟਿਆਂ ਵਿਚ ਮੈਨੂੰ 100 ਤੋਂ ਵਧੇਰੇ ਮੈਸੇਜ ਆਏ ਹਨ, ਜਿਸ ਵਿਚ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।ਇੱਥੇ ਦੱਸ ਦਈਏ ਕਿ ਅਹਿਮਦ ਨੂਰਾਨੀ ਨੇ ਹੀ ਪਾਕਿਸਤਾਨ ਦੀ ਮਸ਼ਹੂਰ ਵੈਬਸਾਈਟ ਫੋਕਸ 'ਤੇ ਪਾਕਿਸਤਾਨੀ ਜਨਰਲ ਅਸੀਮ ਬਾਜਵਾ ਦੀ ਜਾਇਦਾਦ ਸਬੰਧੀ ਖੁਲਾਸਾ ਕੀਤਾ ਸੀ।