ਕੋਰੋਨਾਵਾਇਰਸ ਨੂੰ ਲੈ ਕੇ ਗੁਆਂਢੀਆਂ ਦੀ ਮਦਦ ਨੂੰ ਤਿਆਰ :ਪਾਕਿ ਅਧਿਕਾਰੀ
Friday, Mar 13, 2020 - 04:53 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਆਪਣੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੈ ਅਤੇ ਲੋੜ ਪੈਣ 'ਤੇ ਉਹ ਆਪਣੇ ਗੁਆਂਢੀਆਂ ਦੀ ਵੀ ਮਦਦ ਕਰਨ ਲਈ ਤਿਆਰ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 21 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਆਯਸ਼ਾ ਫਾਰੂਕੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਸੀਮਿਤ ਕਰਨ ਲਈ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ। ਉਹਨਾਂ ਨੇ ਕਿਹਾ,''ਕੋਰੋਨਾਵਾਇਰਸ ਦੇ ਸਿਲਸਿਲੇ ਵਿਚ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ ਅਤੇ ਉਹ ਪਾਕਿਸਤਾਨ ਦੇ ਅੰਦਰ ਨਾਗਰਿਕਾਂ ਲਈ ਜ਼ਰੂਰੀ ਕਦਮ ਚੁੱਕੇਗੀ ਅਤੇ ਆਪਣੇ ਗੁਆਂਢੀਆਂ ਨੂੰ ਕੋਈ ਵੀ ਜ਼ਰੂਰੀ ਮਦਦ ਪ੍ਰਦਾਨ ਕਰ ਸਕਦੀ ਹੈ।''
ਫਾਰੂਕੀ ਨੇ ਭਾਵੇਂਕਿ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕੀ ਪਾਕਿਸਤਾਨ ਇਸ ਜਾਨਲੇਵਾ ਵਾਇਰਸ ਦਾ ਮੁਕਾਬਲਾ ਕਰਨ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ? ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਹੋਰ ਦੇਸ਼ਾਂ ਦੀ ਤਰ੍ਹਾਂ ਪਾਕਿਸਤਾਨ ਵੀ ਵਾਇਰਸ ਨੂੰ ਕਾਬੂ ਕਰਨ ਲਈ ਯਾਤਰਾ ਸਲਾਹ ਜਾਰੀ ਕਰਨ ਜਿਹੇ ਠੋਸ ਕਦਮ ਕਿਉਂ ਨਹੀਂ ਚੁੱਕ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਹਰੇਕ ਦੇਸ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਕਦਮ ਚੁੱਕ ਰਿਹਾ ਹੈ। ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ ਉਹਨਾਂ ਨੇ ਕਿਹਾ,''ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕਣਾ ਉਹਨਾਂ ਦੇਸ਼ਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਪਾਕਿਸਤਾਨ ਵੀ ਆਪਣੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਅਤੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੀਆਂ ਸੀਮਾਵਾਂ ਅਤੇ ਹਵਾਈ ਅੱਡਿਆਂ 'ਤੇ ਲੋੜੀਂਦੇ ਕਦਮ ਚੁੱਕ ਰਿਹਾ ਹੈ।''
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾਵਾਇਰਸ ਦੇ ਖਤਰੇ 'ਤੇ ਚਰਚਾ ਕਰਨ ਲਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਬੁਲਾਈ ਹੈ। ਸ਼ੁੱਕਰਵਾਰ ਨੂੰ ਗਿਲਗਿਤ-ਬਾਲਟੀਸਤਾਨ ਦੇ 31 ਸਾਲਾ ਇਕ ਸ਼ਖਸ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ ਦੇ ਨਾਲ ਹੀ ਪਾਕਿਸਤਾਨ ਵਿਚ ਇਸ ਵਾਇਰਸ ਦੇ ਕੁੱਲ 21 ਮਾਮਲੇ ਹੋ ਗਏ ਹਨ।