ਪਾਕਿ : ਧਾਰਮਿਕ ਮੁੱਦੇ ''ਤੇ ਬਹਿਸ ਦੇ ਬਾਅਦ ਅਹਿਮਦੀ ਪ੍ਰੋਫੈਸਰ ਨੂੰ ਦੋਸਤ ਨੇ ਮਾਰੀ ਗੋਲੀ
Tuesday, Oct 06, 2020 - 06:29 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਇਕ ਮੁਸਲਿਮ ਪ੍ਰੋਫੈਸਰ ਦਾ ਪੇਸ਼ਾਵਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਹਿਮਦੀ ਘੱਟ ਗਿਣਤੀ ਭਾਈਚਾਰੇ ਦੇ ਪ੍ਰੋਫੈਸਰ ਨਈਮ ਖਟਕ ਦੀ ਕਾਰ 'ਤੇ ਇਕ ਦੂਜੇ ਪ੍ਰੋਫੈਸਰ ਫਾਰੂਕ ਮਾਦ ਨੇ ਓਪਨ ਫਾਇਰ ਕਰ ਦਿੱਤਾ। ਪੁਲਸ ਦਾ ਕਹਿਣਾ ਹੈਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਦੋਹਾਂ ਵਿਚਾਲੇ ਇਕ ਧਾਰਮਿਕ ਮੁੱਦੇ 'ਤੇ ਕਾਫੀ ਤਿੱਖੀ ਬਹਿਸ ਹੋਈ ਸੀ। ਮਾਦ ਨੇ ਖਟਕ 'ਤੇ ਹਮਲਾ ਉਸ ਸਮੇਂ ਕੀਤਾ ਜਦੋਂ ਉਹ ਕਾਲਜ ਜਾ ਰਹੇ ਸਨ। ਇਸ ਘਟਨਾ ਵਿਚ ਦੋਸ਼ੀ ਪ੍ਰੋਫੈਸਰ ਦੀ ਮਦਦ ਇਕ ਗਨਮੈਨ ਨੇ ਵੀ ਕੀਤੀ।
ਕਾਰ ਰੋਕ ਕੀਤਾ ਓਪਨ ਫਾਇਰ
ਪੁਲਸ ਦਾ ਕਹਿਣਾਹੈ ਕਿ ਖਟਕ ਦਾ ਕਤਲ ਪ੍ਰੋਫੈਸਰ ਮਾਦ ਅਤੇ ਇਕ ਹੋਰ ਵਿਅਕਤੀ ਦੇ ਨਾਲ ਧਾਰਮਿਕ ਮੁੱਦੇ 'ਤੇ ਬਹਿਸ ਦੇ ਬਾਅਦ ਹੋਇਆ ਹੈ। ਖਟਕ ਗਵਰਮੈਂਟ ਸੁਪੀਰੀਅਰ ਸਾਈਂਸ ਕਾਲਜ ਵਿਚ ਫੈਕਲਟੀ ਮੈਂਬਰ ਸਨ। ਉਹਨਾਂ ਦੇ ਭਰਾ ਨੇ ਪੁਲਸ ਵਿਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਐੱਫ.ਆਈ.ਆਰ. ਵਿਚ ਖਟਕ ਦੇ ਭਰਾ ਨੇ ਕਿਹਾ ਹੈ ਕਿ ਉਹ ਖਟਕ ਦੇ ਕਾਲਜ ਗਏ ਸਨ ਅਤੇ ਫਿਰ ਉਹ ਉੱਥੋਂ ਇਕੱਠੇ ਨਾਲ ਨਿਕਲੇ। ਖਟਕ ਗੱਡੀ ਵਿਚ ਸਨ ਅਤੇ ਭਰਾ ਮੋਟਰਸਾਇਕਲ 'ਤੇ। ਜਦੋਂ ਉਹ ਵਜੀਰਬਾਗ ਤੋਂ ਦੁਪਹਿਰ ਕਰੀਬ 1.30 ਵਜੇ ਲੰਘ ਰਹੇ ਸਨ ਉਦੋਂ ਮੋਟਰਸਾਇਕਲ ਸਵਾਰ ਦੋ ਲੋਕਾਂ ਨੇ ਖਟਕ ਦੀ ਗੱਡੀ ਰੋਕੀ ਅਤੇ ਓਪਨ ਫਾਇਰ ਕਰ ਕੇ ਭੱਜ ਗਏ। ਖਟਕ ਨੂੰ ਪੰਜ ਗੋਲੀਆਂ ਲੱਗੀਆਂ ਅਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਖਟਕ ਦੇ ਭਰਾ ਨੇ ਕਤਲ ਦਾ ਦੋਸ਼ ਯੂਨੀਵਰਸਿਟੀ ਆਫ ਐਗਰੀਕਲਚਰ ਦੇ ਇਕ ਪ੍ਰੋਫੈਸਰ 'ਤੇ ਲਗਾਇਆ ਹੈ ਜੋ ਖਟਕ ਦਾ ਦੋਸਤ ਸੀ। ਉਹਨਾਂ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਧਾਰਮਿਕ ਮੁੱਦੇ 'ਤੇ ਦੋਹਾਂ ਦੀ ਤਿੱਖੀ ਬਹਿਸ ਹੋਈ ਸੀ। ਪੁਲਸ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਗਵਾਹੀ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਪ੍ਰੋਫੈਸਰ ਦੇ ਪਰਿਵਾਰ ਵਿਚ ਪਤਨੀ, ਦੋ ਬੇਟੇ ਅਤੇ ਤਿੰਨ ਬੇਟੀਆਂ ਹਨ।
ਅਹਿਮਦੀ ਭਾਈਚਾਰੇ ਦੀ ਸੁਰੱਖਿਆ ਦੀ ਮੰਗ
ਘਟਨਾ ਦੇ ਬਾਅਦ ਪਾਕਿਸਤਾਨ ਦੇ ਅਹਿਮਦੀ ਭਾਈਚਾਰੇ ਦੇ ਬੁਲਾਰੇ ਸਲੀਮੁਦੀਨ ਨੇ ਕਿਹਾ ਹੈ ਕਿ ਖਟਕ ਨੇ ਜੂਲੌਜੀ ਮਤਲਬ ਜੀਵ ਵਿਗਿਆਨ ਵਿਚ ਆਪਣੀ ਡਾਕਟਰੇਟ ਪੂਰੀ ਕੀਤੀ ਸੀ। ਉਹਨਾਂ ਨੂੰ ਆਪਣੇ ਵਿਸ਼ਵਾਸ ਦੇ ਕਾਰਨ ਪਰੇਸ਼ਾਨੀਆਂ ਹੋ ਰਹੀਆਂ ਸਨ। ਉਹਨਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਖਟਕ ਨੂੰ ਧਮਕੀਆਂ ਮਿਲ ਰਹੀਆਂ ਸਨ। ਸਲੀਮ ਨੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਅਹਿਮਦੀ ਭਾਈਚਾਰੇ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਿਚ ਅਸਫਲ ਰਹੀ ਹੈ।