ਪਾਕਿ ''ਚ 2 ਭਾਰਤੀ ਡਿਪਲੋਮੈਟਾਂ ਨਾਲ ਬਦਸਲੂਕੀ, ਭਾਰਤ ਨੇ ਪ੍ਰਗਟਾਇਆ ਇਤਰਾਜ਼
Sunday, May 05, 2019 - 02:09 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਭਾਰਤੀ ਅਧਿਕਾਰੀਆਂ ਨੂੰ ਪਰੇਸ਼ਾਨ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਭਾਰਤ ਨੇ ਪਾਕਿਸਤਾਨ ਨੂੰ ਚਿੱਠੀ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਬੀਤੇ ਮਹੀਨੇ 17 ਅਪ੍ਰੈਲ ਨੂੰ ਲਾਹੌਰ ਨੇੜੇ ਫਾਰੂਖਾਬਾਦ ਸਥਿਤ ਸੱਚਾ ਸੌਦਾ ਗੁਰਦੁਆਰੇ ਵਿਚ 2 ਭਾਰਤੀ ਡਿਪਲੋਮੈਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਦੋਵੇਂ ਲੱਗਭਗ 20 ਮਿੰਟ ਤੱਕ ਬੰਦ ਰਹੇ ਸਨ। ਚਿੱਠੀ ਵਿਚ ਨਾਲ ਹੀ ਭਾਰਤ ਨੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਆਪਣੀ ਚਿੰਤਾ ਜ਼ਾਹਰ ਕੀਤੀ।
ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਦੇ 15 ਸੁਰੱਖਿਆ ਕਰਮੀਆਂ ਨੇ ਭਾਰਤੀ ਡਿਪਲੋਮੈਟਾਂ ਨੂੰ 17 ਅਪ੍ਰੈਲ ਨੂੰ ਗੁਰਦੁਰਆਰੇ ਵਿਚ ਬੰਦ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਾਕਿਸਤਾਨੀ ਅਧਿਕਾਰੀਆਂ ਨੇ ਦੋਹਾਂ ਡਿਪਲੋਮੈਟਾਂ ਨੂੰ ਧਮਕੀ ਦਿੱਤੀ ਕਿ ਉਹ ਦੁਬਾਰਾ ਇਸ ਖੇਤਰ ਵਿਚ ਨਾ ਆਉਣ। ਇਹ ਘਟਨਾ ਉਦੋਂ ਵਾਰੀ ਜਦੋਂ ਦੋਵੇਂ ਡਿਪਲੋਮੈਟ ਭਾਰਤੀ ਸਿੱਖ ਤੀਰਥਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਯਾਤਰਾ ਕਰਾਉਣ ਲਈ ਫਾਰੂਖਾਬਾਦ ਆਏ ਸਨ।
25 ਅਪ੍ਰੈਲ ਨੂੰ ਭਾਰਤ ਨੇ ਘਟਨਾ ਦੇ ਵਿਰੋਧ ਵਿਚ ਨਵੀਂ ਦਿੱਲੀ ਤੋਂ ਆਪਣੇ ਡਿਪਲੋਮੈਟਾਂ ਦੇ ਮਾਧਿਅਮ ਨਾਲ ਪਾਕਿਸਤਾਨ ਨੂੰ ਇਕ ਨੋਟਿਸ ਜਾਰੀ ਕੀਤਾ। ਉਨ੍ਹਾਂ ਨੇ ਡਿਪਲੋਮੈਟਾਂ ਨਾਲ ਬਦਸਲੂਕੀ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਵਰਤੀ ਗਈ ਲਾਪਰਵਾਹੀ 'ਤੇ ਸਖਤ ਪ੍ਰਤੀਕਿਰਿਆ ਦਿੱਤੀ। ਸੂਤਰਾਂ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ਦੇ ਕਰੀਬ 15 ਲੋਕਾਂ ਨੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨੂੰ ਕਰੀਬ 20 ਮਿੰਟ ਤੱਕ ਕਮਰੇ ਵਿਚ ਬੰਦ ਕਰ ਦਿੱਤਾ।