ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਫੋਟੋਸ਼ੂਟ ਦਾ ਮਾਮਲਾ, ਪਾਕਿ ਨੇ ਤਲਬ ਕੀਤਾ ਭਾਰਤੀ ਡਿਪਲੋਮੈਟ

12/03/2021 12:29:27 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਵਿਦੇਸ਼ ਮੰਤਰਾਲਾ ਵਿਚ ਤਲਬ ਕਰ ਕੇ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਵਿਚ ਇਕ ਮਾਡਲ ਵਲੋਂ ਸਿਰ ਢਕੇ ਬਿਨਾਂ ਫੋਟੋਸ਼ੂਟ ਕਰਵਾਉਣ ਦਾ ਮਾਮਲਾ ਇਕ ‘ਅਲੱਗ-ਥਲੱਗ ਘਟਨਾ’ ਸੀ। ਭਾਰਤ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨਰ ਦੇ ਇੰਚਾਰਜ ਨੂੰ ਤਲਬ ਕੀਤਾ ਸੀ ਅਤੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਚ ਪਾਕਿਸਤਾਨੀ ਮਾਡਲ ਸੌਲੇਹਾ ਦੇ ਫੋਟੋਸ਼ੂਟ ’ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਇਸਨੂੰ ਪਵਿੱਤਰ ਸਥਾਨ ਦਾ ‘ਅਨਾਦਰ’ ਦੱਸਿਆ ਸੀ। ਗੁਰਦੁਆਰਾ ਦਰਬਾਰ ਸਾਹਿਬ ਵਿਚ ਸੌਲੇਹਾ ਦੇ ਕੱਪੜਿਆਂ ਦੇ ਇਕ ਪਾਕਿਸਤਾਨੀ ਬ੍ਰਾਂਡ ਲਈ ‘ਬਿਨਾਂ ਸਿਰ ਢੱਕਣ ਵਾਲੇ’ ਫੋਟੋਸ਼ੂਟ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਹਰਚਲ ਮਚਾ ਦਿੱਤੀ, ਕਿਉਂਕਿ ਕਈ ਲੋਕਾਂ ਨੇ ਉਨ੍ਹਾਂ ’ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ। ਹਾਲਾਂਕਿ ਮਾਡਲ ਨੇ ਬਾਅਦ ਵਿਚ ਆਪਣੇ ਇੰਸਟਾਗ੍ਰਾਮ ਪੇਜ਼ ਤੋਂ ਆਪਣੀਆਂ ਤਸਵੀਰਾਂ ਹਟਾ ਦਿੱਤੀਆਂ ਅਤੇ ਮੁਆਫ਼ੀ ਮੰਗੀ।

ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਅੰਤਰਰਾਸ਼ਟਰੀ ਯਾਤਰੀਆਂ ਸਮੇਤ ਨਾਗਰਿਕਾਂ ਲਈ ਅਮਰੀਕਾ ਨੇ ਲਏ ਸਖ਼ਤ ਫ਼ੈਸਲੇ

ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਵਿਦੇਸ਼ ਮੰਤਰਾਲਾ ਵਿਚ ਤਲਬ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ 'ਗੁਰਦੁਆਰਾ ਦਰਬਾਰ ਸਾਹਿਬ ਵਿਚ ਇਕ ਵਿਅਕਤੀ ਨਾਲ ਜੁੜੀ ਅਲੱਗ-ਥਲੱਗ ਘਟਨਾ ਸੀ।' ਬਿਆਨ ਵਿਚ ਕਿਹਾ ਗਿਆ ਹੈ, 'ਭਾਰਤੀ ਡਿਪਲੋਮੈਟ ਨੂੰ ਸੂਚਿਤ ਕੀਤਾ ਗਿਆ ਕਿ ਘਟਨਾ ਨਾਲ ਤੇਜ਼ੀ ਨਾਲ ਨਜਿੱਠਿਆ ਗਿਆ ਅਤੇ ਸਟੈਂਡ ਸਪੱਸ਼ਟ ਕੀਤਾ ਗਿਆ।' ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ ਅਤੇ ਪਾਕਿਸਤਾਨ ਵਿਚ ਹਰ ਭਾਈਚਾਰੇ ਦੇ ਧਾਰਮਿਕ ਸਥਾਨਾਂ ਅਤੇ ਪੂਜਾ ਸਥਾਨਾਂ ਦੀ ਮਰਿਆਦਾ ਨੂੰ ਯਕੀਨੀ ਬਣਾਇਆ ਜਾਂਦਾ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਆਪਣੇ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਨਸ਼ਟ ਕਰਨ, ਨਫ਼ਰਤੀ ਅਪਰਾਧਾਂ ਅਤੇ ਭੀੜ ਵੱਲੋਂ ਕੁੱਟਮਾਰ ਦੀਆਂ ਘਟਨਾਵਾਂ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਯਕੀਨੀ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਾਕਿ ਦਾ ਨਾਦਰਸ਼ਾਹੀ ਫ਼ੈਸਲਾ, ਭਾਰਤ ਨੂੰ ਅਫ਼ਗਾਨਿਸਤਾਨ ਕਣਕ ਅਤੇ ਦਵਾਈਆਂ ਭੇਜਣ ਦੀ ਨਹੀਂ ਦਿੱਤੀ ਇਜਾਜ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News