ਪਾਕਿ ਨੂੰ ਜਰਮਨੀ ਦਾ ਜ਼ੋਰਦਾਰ ਝਟਕਾ, ਕਿਹਾ- ਭਾਰਤ ਨਾਲ ਸੁਲਝਾਓ ਮਸਲਾ

Saturday, Aug 24, 2019 - 12:03 PM (IST)

ਪਾਕਿ ਨੂੰ ਜਰਮਨੀ ਦਾ ਜ਼ੋਰਦਾਰ ਝਟਕਾ, ਕਿਹਾ- ਭਾਰਤ ਨਾਲ ਸੁਲਝਾਓ ਮਸਲਾ

ਬਰਲਿਨ— ਕਸ਼ਮੀਰ ਮੁੱਦੇ 'ਤੇ ਜਰਮਨੀ ਦੀ ਸ਼ਰਣ 'ਚ ਪੁੱਜੇ ਪਾਕਿਸਤਾਨ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਜਰਮਨੀ ਨੇ ਵੀ ਫਰਾਂਸ ਤੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਦਾ ਹੀ ਸਾਥ ਦਿੱਤਾ ਹੈ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ (ਪੀ. ਐੱਮ.) ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਨਾਲ ਕਸ਼ਮੀਰ ਮਾਮਲੇ 'ਤੇ ਸਮਰਥਨ ਲਈ ਫੋਨ 'ਤੇ ਗੱਲਬਾਤ ਕੀਤੀ ਸੀ। ਮਾਰਕਲ ਨੇ ਇਮਰਾਨ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਭਾਰਤ ਖਿਲਾਫ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ ਅਤੇ ਭਾਰਤ ਨਾਲ ਦੋ-ਪੱਖੀ ਗੱਲਬਾਤ ਕਰਨੀ ਚਾਹੀਦੀ ਹੈ।

ਏਂਜੇਲਾ ਦੇ ਬੁਲਾਰੇ ਸਟੇਫੇਨ ਸੈਬਟਰ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਗੱਲਬਾਤ ਦੌਰਾਨ ਏਂਜੇਲਾ ਨੇ ਕੌਮਾਂਤਰੀ ਸੁਰੱਖਿਆ ਲਈ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ। ਏਂਜੇਲਾ ਨੇ ਕਿਹਾ, ''ਜੰਮੂ-ਕਸ਼ਮੀਰ ਮਾਮਲੇ 'ਤੇ ਬਿਆਨਬਾਜ਼ੀ ਨੂੰ ਛੱਡ ਕੇ ਗੱਲਬਾਤ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।''
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਫੈਸਲਾ ਲਿਆ, ਜਿਸ ਦੇ ਬਾਅਦ ਤੜਫ ਰਿਹਾ ਪਾਕਿਸਤਾਨ ਇਸ ਨੂੰ ਕੌਮਾਂਤਰੀ ਮਾਮਲਾ ਬਣਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਇਸ ਕਦਮ ਨੂੰ ਪੂਰੀ ਤਰ੍ਹਾਂ ਨਾਲ ਅੰਦਰੂਨੀ ਮਾਮਲਾ ਦੱਸਿਆ ਹੈ ਅਤੇ ਕੌਮਾਂਤਰੀ ਭਾਈਚਾਰਾ ਵੀ ਇਸ ਨੂੰ ਮੰਨਦਾ ਹੈ।


Related News