ਪਾਕਿਸਤਾਨ: ਫ਼ੌਜੀ ਅਦਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ''ਚ ਅਸਫਲ ਰਹਿਣ ''ਤੇ 3 ਅਧਿਕਾਰੀ ਬਰਖ਼ਾਸਤ
Tuesday, Jun 27, 2023 - 11:56 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ 9 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਦੇ ਬਾਅਦ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਫ਼ੌਜੀ ਅਦਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਅਸਫ਼ਲ ਰਹਿਣ 'ਤੇ ਇਕ ਲੈਫਟੀਨੈਂਟ ਜਨਰਲ ਸਮੇਤ 3 ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਅਤੇ 3 ਮੇਜਰ ਜਨਰਲਾਂ ਅਤੇ 7 ਬ੍ਰਿਗੇਡੀਅਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਖਾਨ ਦੀ ਪਾਰਟੀ ਦੇ ਕਾਰਕੁੰਨਾਂ ਨੇ ਲਾਹੌਰ ਕੋਰ ਕਮਾਂਡਰ ਹਾਊਸ, ਮਿਆਂਵਾਲੀ ਏਅਰਬੇਸ ਅਤੇ ਫੈਸਲਾਬਾਦ ਵਿਚ ਆਈ.ਐੱਸ.ਆਈ. ਭਵਨ ਸਮੇਤ 20 ਤੋਂ ਵੱਧ ਫ਼ੌਜੀ ਅਦਾਰਿਆਂ ਅਤੇ ਸਰਕਾਰੀ ਭਵਨਾਂ ਵਿਚ ਭੰਨਤੋੜ ਕੀਤੀ ਸੀ।
ਰਾਵਨਪਿੰਡੀ ਵਿਚ ਫ਼ੌਜ ਹੈੱਡਕੁਆਰਟਰ (ਜੀ.ਐੱਚ.ਕਿਊ) 'ਤੇ ਵੀ ਭੀੜ ਨੇ ਹਮਲਾ ਕੀਤਾ ਸੀ। ਫ਼ੌਜੀ ਬੁਲਾਰੇ ਮੇਜਰ ਜਨਰਲ ਅਰਸ਼ਦ ਸ਼ਰੀਫ ਨੇ ਦੱਸਿਆ ਕਿ ਫ਼ੌਜ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿਚ 2 ਵਾਰ ਜਾਂਚ ਕਰਾਈ ਅਤੇ ਕਾਰਵਾਈ ਕੀਤੀ। ਉਨ੍ਹਾਂ ਦੱਸਿਆ, 'ਜਵਾਬਦੇਹੀ ਪ੍ਰਕਿਰਿਆ 'ਤੇ ਸਲਾਹ ਮਸ਼ਵਰਾ ਕਰਨ ਅਤੇ ਅਦਾਲਤੀ ਜਾਂਚ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਲੋਕਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਜੋ ਫ਼ੌਜੀ ਅਦਾਰਿਆਂ, ਜਿਨਾਹ ਹਾਊਸ ਅਤੇ ਜਨਰਲ ਹੈੱਡਕੁਆਰਟਰ ਦੀ ਸੁਰੱਖਿਆ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਵਿਚ ਨਾਕਾਮ ਰਹੇ।'
ਸ਼ਰੀਫ ਨੇ ਕਿਹਾ ਕਿ ਇੱਕ ਲੈਫਟੀਨੈਂਟ-ਜਨਰਲ ਸਮੇਤ 3 ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ 3 ਮੇਜਰ ਜਨਰਲਾਂ ਅਤੇ 7 ਬ੍ਰਿਗੇਡੀਅਰਾਂ ਸਮੇਤ ਹੋਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਪੂਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਮੇਜਰ ਜਨਰਲ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਸ਼ਰੀਫ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''(9 ਮਈ ਦੀ ਹਿੰਸਾ 'ਚ) ਸ਼ਾਮਲ ਸਾਰੇ ਲੋਕਾਂ ਨੂੰ ਸੰਵਿਧਾਨ ਅਤੇ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।' ਉਨ੍ਹਾਂ 9 ਮਈ ਦੀ ਘਟਨਾ ਨੂੰ ‘ਬਹੁਤ ਹੀ ਨਿਰਾਸ਼ਾਜਨਕ, ਨਿੰਦਣਯੋਗ ਅਤੇ ਦੇਸ਼ ਦੇ ਇਤਿਹਾਸ ਦਾ ਕਾਲਾ ਅਧਿਆਏ’ ਦੱਸਿਆ।