CORONA ਦੀ ਮਾਰ ਝੱਲ ਰਹੇ PAK ’ਚ ਹੁਣ ਗਰਮੀ ਦਾ ਕਹਿਰ, ਅਲਰਟ ਜਾਰੀ

04/04/2021 3:16:32 PM

ਕਰਾਚੀ : ਪਾਕਿਸਤਾਨ ’ਚ ਜਿਥੇ ਕੋਰੋਨਾ ਆਪਣਾ ਕਹਿਰ ਵਰ੍ਹਾ ਰਿਹਾ ਹੈ, ਉਥੇ ਹੀ ਮੌਸਮ ਦੀ ਕਰੋਪੀ ਦਾ ਵੀ ਅਸਰ ਦਿਖਾਈ ਦੇ ਰਿਹਾ ਹੈ । ਇਥੋਂ ਦੇ ਸ਼ਹਿਰ ਕਰਾਚੀ ’ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਦਿਨੋ-ਦਿਨ ਕਹਿਰ ਵਰ੍ਹਾ ਰਹੀ ਹੈ। 1947 ਤੋਂ ਬਾਅਦ ਅਪ੍ਰੈਲ ਦਾ ਇਥੇ ਸਭ ਤੋਂ ਗਰਮ ਦਿਨ ਮਹਿਸੂਸ ਕੀਤਾ ਗਿਆ । ਪਾਕਿ ਦੇ ਮੌਸਮ ਵਿਭਾਗ ਅਨੁਸਾਰ ਕਰਾਚੀ ’ਚ 43.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਅਪ੍ਰੈਲ 1947 ਤੋਂ ਬਾਅਦ ਸਭ ਤੋਂ ਵੱਧ ਤਾਪਮਾਨ ਰਿਹਾ । ਕਰਾਚੀ ’ਚ ਪਿਛਲੀ ਵਾਰ 14 ਅਪ੍ਰੈਲ 1947 ’ਚ ਸਭ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ । ਇਸ ਤੋਂ ਬਾਅਦ ਲੰਘੇ ਸ਼ਨੀਵਾਰ ਨੂੰ ਅਪ੍ਰੈਲ ਮਹੀਨੇ ’ਚ ਤਾਪਮਾਨ 43.6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜੋ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ ਸੀ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਸਮ ਦੀ ਇਹ ਮੌਜੂਦਾ ਸਥਿਤੀ ਪਾਕਿਸਤਾਨ ’ਚ ਵੱਡੇ ਪੱਧਰ ’ਤੇ ਖੁਸ਼ਕ ਮਹਾਦੀਪੀ ਹਵਾ ਦੇ ਪ੍ਰਭਾਵ ਕਾਰਨ ਪੈਦਾ ਹੋਈ ਪੱਛਮੀ ਗੜਬੜੀ ਕਾਰਨ ਬਣੀ ਹੈ।

ਇਹ ਵੀ ਪੜ੍ਹੋ- ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਡੇਨੀਅਲ ਪਰਲ ਦੇ ਪਰਿਵਾਰ ਨਾਲ ਕੀਤੀ ਗੱਲ, ਦਿੱਤਾ ਨਿਆਂ ਦਾ ਭਰੋਸਾ

‘ਹੀਟਵੇਵ ਸਬੰਧੀ ਅਲਰਟ ਜਾਰੀ’
ਇਸ ਦਰਮਿਆਨ ਪਾਕਿਸਤਾਨ ਦੇ ਮੌਸਮ ਵਿਭਾਗ ਨੇ ‘ਹੀਟਵੇਵ’ ਸਬੰਧੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮੌਜੂਦਾ ਸੀਜ਼ਨ ਦੀ ਪਹਿਲੀ ਹੀਟਵੇਵ ਇਸ ਹਫਤੇ ਕਈ ਹਿੱਸਿਆਂ ’ਚ ਫੈਲ ਸਕਦੀ ਹੈ। ਇਸ ਹਫਤੇ ਮੁੱਖ ਤੌਰ ’ਤੇ ਗਰਮ ਅਤੇ ਖੁਸ਼ਕ ਮੌਸਮ ਦੀ ਸੰਭਾਵਨਾ ਹੈ, ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਮੈਦਾਨੀ ਖੇਤਰਾਂ ’ਚ ਹੀਟਵੇਵ ਦੇ ਹਾਲਾਤ ਬਣ ਸਕਦੇ ਹਨ ।
ਭਾਰਤ ’ਚ ਮੌਸਮ ਤੇਜ਼ੀ ਨਾਲ ਬਦਲੇਗਾ
ਪਾਕਿਸਤਾਨ ਤੋਂ ਇਲਾਵਾ ਭਾਰਤ ’ਚ ਅੱਜ ਤੋਂ ਪੱਛਮੀ ਗੜਬੜੀ (Western Disturbance) ਪ੍ਰਭਾਵੀ ਹੋਵੇਗੀ, ਜਿਸ ਨਾਲ ਕੁਝ ਇਲਾਕਿਆਂ ’ਚ ਹਲਕੀ ਬਾਰਿਸ਼ ਹੋਵੇਗੀ । ਇਸ ਕਾਰਨ ਕੁਝ ਹਿੱਸਿਆਂ ’ਚ ਮੌਸਮ ਤੇਜ਼ੀ ਨਾਲ ਬਦਲੇਗਾ, ਇਸ ਕਾਰਨ ਉੱਤਰਾਖੰਡ ’ਚ 7 ਅਪ੍ਰੈਲ ਨੂੰ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ ਕਈ ਸੂਬਿਆਂ ’ਚ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 


Anuradha

Content Editor

Related News