ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖ਼ੁਰਾਕ ਕੋਰੋਨਾ ਨੂੰ ਰੋਕਣ ''ਚ ਕਾਫੀ ਪ੍ਰਭਾਵਸ਼ਾਲੀ: ਅਧਿਐਨ
Thursday, Feb 04, 2021 - 10:06 AM (IST)
ਲੰਡਨ- ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖ਼ੁਰਾਕ ਕੋਵਿਡ-19 ਦੇ ਸੰਕਰਮਣ ਨੂੰ 67 ਫ਼ੀਸਦੀ ਤੱਕ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ ਤੇ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਇਹ ਬਹੁਤ ਪ੍ਰਭਾਵਸ਼ਾਲੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਬੁੱਧਵਾਰ ਨੂੰ ਇਹ ਕਿਹਾ ਗਿਆ ਹੈ। ਬ੍ਰਿਟੇਨ ਦੀ ਸਰਕਾਰ ਨੇ ਇਸ ਨੂੰ ਦੁਨੀਆ ਲਈ ਚੰਗੀ ਖ਼ਬਰ ਦੱਸਿਆ ਹੈ।
ਦਿ ਲਾਂਸੇਟ ਰਸਾਲੇ ਵਿਚ ਰਿਪੋਰਟ ਦੇ ਪੇਸ਼ ਕਰਨ ਤੋਂ ਪਹਿਲਾਂ ਨਤੀਜੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਦੋ ਖ਼ੁਰਾਕਾਂ ਵਿਚਕਾਰ ਤਿੰਨ ਮਹੀਨੇ ਦਾ ਫ਼ਰਕ ਵੀ ਘਾਤਕ ਵਾਇਰਸ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਖ਼ੁਰਾਕ ਦੇ ਬਾਅਦ 22ਵੇਂ ਦਿਨ ਤੋਂ 90 ਦਿਨਾਂ ਵਿਚਕਾਰ ਸੁਰੱਖਿਆ ਮਿਲਣ ਲੱਗਦੀ ਹੈ। ਇਸ ਦਾ ਮਤਲਬ ਹੈ ਕਿ ਪਹਿਲੀ ਅਤੇ ਦੂਜੀ ਖ਼ੁਰਾਕ ਵਿਚਕਾਰ ਤਿੰਨ ਮਹੀਨਿਆਂ ਵਿਚ ਇਮਿਊਨਟੀ ਕਮਜ਼ੋਰ ਨਹੀਂ ਹੁੰਦੀ।
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ,"ਆਕਸਫੋਰਡ ਦੇ ਟੀਕੇ ਬਾਰੇ ਇਹ ਸ਼ਾਨਦਾਰ ਖ਼ਬਰ ਹੈ ਕਿ ਵਾਇਰਸ ਦੇ ਮਾਮਲਿਆਂ ਵਿਚ ਦੋ-ਤਿਹਾਈ ਦੀ ਕਮੀ ਹੁੰਦੀ ਹੈ। ਖ਼ੁਰਾਕਾਂ ਵਿਚਕਾਰ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਹਸਪਤਾਲ ਵਿਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਕਾਫੀ ਕੰਮ ਕਰ ਰਿਹਾ ਹੈ।"
ਉਨ੍ਹਾਂ ਕਿਹਾ ਕਿ ਇਹ ਅਸਲ ਵਿਚ ਇਕ ਚੰਗੀ ਖ਼ਬਰ ਹੈ ਕਿ ਇਸ ਨਾਲ ਨਾ ਸਿਰਫ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਘਟੇਗੀ ਸਗੋਂ ਵਾਇਰਸ ਦੇ ਮਾਮਲੇ ਵਿਚ ਕਮੀ ਹੋਵੇਗੀ। ਇਸ ਪ੍ਰੀਖਣ ਵਿਚ ਹਿੱਸਾ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਧਿਐਨ ਵਿਚ ਪਾਇਆ ਗਿਆ ਕਿ ਟੀਕੇ ਦੀ ਇਕ ਮਾਨਕ ਖ਼ੁਰਾਕ 90 ਦਿਨਾਂ ਤੱਕ ਕੋਰੋਨਾ ਤੋਂ ਬਚਾਅ ਵਿਚ ਕਾਰਗਰ ਹੈ।