ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਵੱਲੋਂ ਵੱਡਾ ਪ੍ਰਦਰਸ਼ਨ! ਫੈਸਲਾਬਾਦ ਡੀਸੀ ਦਫਤਰ ਅੱਗੇ ਸੁੱਟਿਆ ਕੂੜਾ

Saturday, Apr 25, 2026 - 02:45 PM (IST)

ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਵੱਲੋਂ ਵੱਡਾ ਪ੍ਰਦਰਸ਼ਨ! ਫੈਸਲਾਬਾਦ ਡੀਸੀ ਦਫਤਰ ਅੱਗੇ ਸੁੱਟਿਆ ਕੂੜਾ

ਫੈਸਲਾਬਾਦ (ਪਾਕਿਸਤਾਨ) : ਪਾਕਿਸਤਾਨ ਦੇ ਫੈਸਲਾਬਾਦ 'ਚ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸੈਂਕੜੇ ਸਫਾਈ ਕਰਮਚਾਰੀਆਂ ਅਤੇ ਰਿਕਸ਼ਾ ਚਾਲਕਾਂ ਨੇ ਸੜਕਾਂ 'ਤੇ ਉਤਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਸੰਕਟ 'ਸੁਥਰਾ ਪੰਜਾਬ ਅਥਾਰਟੀ' ਨਾਲ ਜੁੜੀ ਆਊਟਸੋਰਸਿੰਗ ਪ੍ਰਣਾਲੀ ਦੇ ਫੇਲ ਹੋਣ ਕਾਰਨ ਪੈਦਾ ਹੋਇਆ ਹੈ।

ਪ੍ਰਦਰਸ਼ਨਕਾਰੀਆਂ ਨੇ ਡਿਸਟ੍ਰਿਕਟ ਕੌਂਸਲ ਚੌਕ ਤੋਂ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਤੱਕ ਮਾਰਚ ਕੱਢਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਕਿਸਤਾਨ ਲੇਬਰ ਨੈਸ਼ਨਲ ਮੂਵਮੈਂਟ ਦੇ ਮੁਖੀ ਅਤੇ ਹੁਕੂਕ ਖਲਕ ਪਾਰਟੀ ਪੰਜਾਬ ਦੇ ਪ੍ਰਧਾਨ ਬਾਬਾ ਲਤੀਫ ਅੰਸਾਰੀ ਨੇ ਕੀਤੀ। ਅੰਸਾਰੀ ਨੇ ਅਧਿਕਾਰੀਆਂ ਅਤੇ ਠੇਕੇਦਾਰਾਂ 'ਤੇ ਲੇਬਰ ਸਮਝੌਤਿਆਂ ਦੀ ਉਲੰਘਣਾ ਕਰਨ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਫੈਸਲਾਬਾਦ ਵੇਸਟ ਮੈਨੇਜਮੈਂਟ ਕੰਪਨੀ (FWMC) ਦੇ ਅਧੀਨ ਕੰਮ ਕਰ ਰਹੀ ਨਿੱਜੀ ਕੰਪਨੀ ਨੇ ਕਰਮਚਾਰੀਆਂ ਦੀ ਸੋਸ਼ਲ ਸਕਿਉਰਿਟੀ ਅਤੇ EOBI (ਕਰਮਚਾਰੀ ਬੁਢਾਪਾ ਲਾਭ ਸੰਸਥਾ) ਵਿੱਚ ਰਜਿਸਟ੍ਰੇਸ਼ਨ ਮੁਕੰਮਲ ਨਹੀਂ ਕੀਤੀ।

ਅੰਸਾਰੀ ਮੁਤਾਬਕ ਪਿਛਲੇ ਛੇ ਮਹੀਨਿਆਂ ਤੋਂ ਸੋਸ਼ਲ ਸਕਿਉਰਿਟੀ ਦੇ ਲਗਭਗ 6.5 ਕਰੋੜ ਰੁਪਏ (65 ਮਿਲੀਅਨ) ਜਮ੍ਹਾ ਨਹੀਂ ਕਰਵਾਏ ਗਏ ਹਨ। ਇਸ ਅਣਗਹਿਲੀ ਕਾਰਨ ਲਗਭਗ 1,200 ਸਫਾਈ ਕਰਮਚਾਰੀ ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਰਗੇ ਜ਼ਰੂਰੀ ਲਾਭਾਂ ਤੋਂ ਵਾਂਝੇ ਰਹਿ ਗਏ ਹਨ। 

ਗੁੱਸੇ ਵਿੱਚ ਆਏ ਮਜ਼ਦੂਰਾਂ ਨੇ ਡੀਸੀ ਦਫ਼ਤਰ ਦੇ ਮੁੱਖ ਗੇਟ 'ਤੇ ਕੂੜੇ ਨਾਲ ਲੱਦੇ ਟਰੱਕ ਖਾਲੀ ਕਰ ਦਿੱਤੇ, ਜੋ ਪ੍ਰਸ਼ਾਸਨਿਕ ਬੇਰੁਖੀ ਅਤੇ ਮਾੜੇ ਪ੍ਰਬੰਧਾਂ ਵਿਰੁੱਧ ਉਨ੍ਹਾਂ ਦੇ ਗੁੱਸੇ ਦਾ ਪ੍ਰਤੀਕ ਸੀ। ਇਸ ਦੌਰਾਨ ਰਿਕਸ਼ਾ ਚਾਲਕਾਂ ਨੇ ਸੜਕਾਂ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਜਾਮ ਕਰ ਦਿੱਤੀ।

ਸਥਿਤੀ ਨੂੰ ਵਿਗੜਦਾ ਦੇਖ ਕੇ ਸੁਥਰਾ ਪੰਜਾਬ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਆਬਿਦ ਹੁਸੈਨ ਭੱਟੀ ਅਤੇ ਸਿਟੀ ਅਸਿਸਟੈਂਟ ਕਮਿਸ਼ਨਰ ਆਦਿਲ ਉਮਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਸਬੰਧਤ ਆਊਟਸੋਰਸਿੰਗ ਕੰਪਨੀ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਹੈ ਤੇ ਰਿਕਸ਼ਾ ਚਾਲਕਾਂ ਤੇ ਸਫਾਈ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਐੱਮਡੀ ਭੱਟੀ ਨੇ ਕਿਹਾ ਕਿ FWMC ਦੀ ਇਸ 'ਚ ਸਿੱਧੀ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਮਜ਼ਦੂਰਾਂ ਦੀ ਭਰਤੀ ਥਰਡ-ਪਾਰਟੀ ਠੇਕੇਦਾਰਾਂ ਰਾਹੀਂ ਕੀਤੀ ਗਈ ਸੀ।


author

Baljit Singh

Content Editor

Related News