ਕਤਰ ਲਈ ਯੁੱਧ ਦੀ ਤਰ੍ਹਾਂ ਹੈ ਫੀਫਾ ਵਿਸ਼ਵ ਕੱਪ ਦਾ ਆਯੋਜਨ
Wednesday, Nov 16, 2022 - 04:41 PM (IST)
ਸਪੋਰਟਸ ਡੈਸਕ : ਖਾੜੀ ਦੇਸ਼ਾਂ ਵਿਚ ਕੁਦਰਤੀ ਮੀਂਹ ਭਾਵੇਂ ਘੱਟ ਹੀ ਪੈਂਦਾ ਹੋਵੇ ਪਰ ਪਾਣੀ ਦੀ ਖਪਤ ਜ਼ਿਆਦਾ ਰਹਿੰਦੀ ਹੈ। ਫੀਫਾ ਵਿਸ਼ਵ ਕੱਪ ਦੌਰਾਨ ਤਾਂ ਇਸਦੀ ਹੋਰ ਵੀ ਜ਼ਿਆਦਾ ਲੋੜ ਪਵੇਗੀ। ਕਤਰ ਵਿਚ 8 ਸਟੇਡੀਅਮ ਹਨ। ਮੰਨਿਆ ਜਾ ਰਿਹਾ ਹੈ ਕਿ ਹਰੇਕ ਸਟੇਡੀਅਮ ਲਈ ਪ੍ਰਤੀ ਦਿਨ ਇਕ ਲੱਖ ਲੀਟਰ ਤਾਜੇ ਪਾਣੀ ਦੀ ਲੋੜ ਪਵੇਗੀ। ਇਸ ਨੂੰ ਪੂਰਾ ਕਰਨ ਲਈ ਸਮੁੰਦਰੀ ਜਲ ਨੂੰ ਤਾਜੇ ਪਾਣੀ ਵਿਚ ਬਦਲਣ ਦੀ ਪ੍ਰਕਿਰਿਆ ਚਲਾਉਣ ਦਾ ਪ੍ਰਬੰਧ ਹੈ। ਹਾਲਾਂਕਿ, ਇਸ ਪ੍ਰਕਿਰਿਆ ਵਿਚ ਕਈ ਕਮੀਆਂ ਵੀ ਹਨ। ਇਸ ਵਿਚ ਭਾਰੀ ਮਾਤਰਾ ਵਿਚ ਈਂਧਨ ਲੱਗਦਾ ਹੈ, ਜਿਸ ਦੀ ਲੋੜ ਪਹਿਲਾਂ ਤੋਂ ਹੀ ਜ਼ਿਆਦਾ ਹੈ। ਇਸ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਵੀ ਇਸ ਤੋਂ ਚਿੰਤਿਤ ਹਨ। ਇਸ ਡੀਸਲੀਨੇਸ਼ਨ ਨਾਲ ਭਾਰੀ ਮਾਤਰਾ ਵਿਚ ਸਮੁੰਦਰੀ ਵਾਤਾਵਰਨ ਨੂੰ ਵੀ ਖਤਰਾ ਹੋਵੇਗਾ।ਕਤਰ ਵਿਚ ਇਸ ਸਾਲ ਸਤੰਬਰ ਵਿਚ ਲੁਸੈਲ ਸੁਪਰ ਕੱਪ ਦੌਰਾਨ ਪਹਿਲੇ ਹਾਫ ਵਿਚ ਹੀ ਆਯੋਜਨ ਸਥਾਨ ’ਤੇ ਪੀਣ ਯੋਗ ਤਾਜਾ ਪਾਣੀ ਖਤਮ ਹੋ ਗਿਆ ਸੀ। ਕਿਸੇ ਵੀ ਕਤਰੀ ਸਟੇਡੀਅਮ ਵਿਚ ਇਹ ਸਭ ਤੋਂ ਵੱਧ ਭੀੜ ਵਾਲਾ ਮੈਚ ਸੀ। ਇਸ ਮੈਚ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 77 ਹਜ਼ਾਰ ਸੀ। ਵਿਸ਼ਵ ਕੱਪ ਦੌਰਾਨ ਗਿਣਤੀ ਹੋਰ ਵਧਣ ਦੀ ਉਮੀਦ ਹੈ।
ਲੋਕ ਵਿਦੇਸ਼ੀ ਕਿਰਾਏਦਾਰਾਂ ਨੂੰ ਕੱਢ ਰਹੇ ਨੇ
ਕਤਰ ਵਿਚ ਰਹਿਣ ਵਾਲੇ ਵਿਦੇਸ਼ੀ ਕਾਮਿਆਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਉਨ੍ਹਾਂ ਨੂੰ ਇਕ ਹਫਤੇ ਦੇ ਨੋਟਿਸ ਦੇ ਨਾਲ ਕਿਰਾਏ ਦੇ ਘਰਾਂ ਵਿਚੋਂ ਕੱਢਿਆ ਜਾ ਰਿਹਾ ਹੈ। ਕਿਰਾਇਆ ਕਈ ਗੁਣਾ ਵੱਧ ਗਿਆ ਹੈ ਤੇ ਸਥਾਨਕ ਨਿਵਾਸੀ ਕਿਰਾਏ ਦਾ ਮਿਲਾਨ ਕਰਨ ਜਾਂ ਨਵੰਬਰ ਤੋਂ ਪਹਿਲਾਂ ਘਰ ਛੱਡਣ ਦਾ ਬਦਲ ਦੇ ਚੁੱਕੇ ਹਨ। ਦੋਹਾ ਵਿਚ ਅਪਾਰਟਮੈਂਟ ਲਈ 2500 ਡਾਲਰ ਪ੍ਰਤੀ ਦਿਨ ਚਾਰਜ ਕਰ ਰਹੇ ਹਨ ਜਿਹੜਾ ਕਿ ਆਮ ਹਾਲਾਤ ਵਿਚ ਮਹੀਨੇ ਦੀ ਦਰਾਂ ਦੇ ਬਰਾਬਰ ਹੁੰਦਾ ਹੈ।
ਹੋਟਲਾਂ ’ਚ ਨਹੀਂ ਦੇਖੇ ਜਾ ਸਕਣਗੇ ਮੈਚ
ਦੋਹਾ ਦੇ ਹੋਟਲਾਂ ਨੇ ਕਤਰ ਵਿਚ ਫੀਫਾ ਦੇ ਆਫੀਸ਼ੀਅਲ ਬ੍ਰਾਡਕਾਸਟਰ ਬੀ-ਇਨ ਚੈਨਲ ਨੂੰ ਲਗਭਗ 22 ਲੱਖ ਰੁਪਏ ਦਾ ਭੁਗਤਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਚੈਨਲ ਨੇ ਹਰ ਹੋਟਲ ਤੇ ਬਾਰ ਵਿਚ ਸੈਲਾਨੀਆਂ ਨੂੰ ਆਪਣੇ ਚੈਨਲ ’ਤੇ ਮੈਚ ਦਿਖਾਉਣ ਲਈ ਇਸ ਰਾਸ਼ੀ ਦੀ ਮੰਗ ਕੀਤੀ ਹੈ। ਇਸ ਦਾ ਅਸਰ ਸਟੇਅ-ਹੋਮ ਤੇ ਕਿਰਾਏ ਦੇ ਅਪਾਰਟਮੈਂਟਾਂ ’ਤੇ ਵੀ ਪਵੇਗਾ। ਇਸਦਾ ਮਤਲਬ ਹੈ ਕਿ ਬਾਹਰ ਤੋਂ ਆਏ ਪ੍ਰਸ਼ੰਸਕ ਜਾਂ ਤਾਂ ਮੈਚ ਸਟੇਡੀਅਮ ਵਿਚ ਦੇਖ ਸਕਣਗੇ ਜਾਂ ਫੈਨ ਪਾਰਕ ਵਿਚ ਪਰ ਹੋਟਲਾਂ ਵਿਚ ਨਹੀਂ ।
ਲੋੜੀਂਦੇ ਏਅਰਪੋਰਟ ਵੀ ਨਹੀਂ
ਕਤਰ ਵਿਚ 3 ਸਿਵਲ ਤੇ 2 ਮਿਲਟਰੀ ਏਅਰਪੋਰਟ ਹਨ, ਅਜਿਹੇ ਵਿਚ ਪ੍ਰਾਈਵੇਟ ਜੈੱਟ ਰਾਹੀਂ ਫੀਫਾ ਦੇਖਣ ਦੀ ਇੱਛਾ ਰੱਖਣ ਵਾਲੇ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਸੁਰੱਖਿਆ ਦੇ ਕਾਰਨਾਂ ਤੋਂ ਮਿਲਟਰੀ ਸਟੇਸ਼ਨਾਂ ’ਤੇ ਪ੍ਰਾਈਵੇਟ ਜੈੱਟ ਨੂੰ ਉਤਾਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਬਾਕੀ ਬਚੇ 3 ਏਅਰਪੋਰਟ ’ਤੇ ਟ੍ਰੈਫਿਕ ਇੰਨੀ ਹੈ ਕਿ ਉੱਥੇ ਜੈੱਟ ਲੈਂਡ ਕਰਵਾਉਣ ਲਈ ਸਮਾਂ ਨਹੀਂ ਮਿਲੇਗਾ। ਜੇਕਰ ਭਾਰਤ ਤੋਂ 30 ਸੀਟਰ ਜੈੱਟ ਜਾਂਦੇ ਹਨ ਤਾਂ ਇਸ ’ਤੇ 50 ਤੋਂ 60 ਲੱਖ ਰੁਪਏ ਟੈਕਸ ਨੂੰ ਮਿਲਾ ਕੇ ਖਰਚ ਆ ਰਹੇ ਹਨ। ਇਹ ਆਮ ਦਿਨਾਂ ਤੋਂ ਤਕਰੀਬਨ 50 ਫੀਸਦੀ ਵੱਧ ਹਨ।