ਇਮਰਾਨ ਸਰਕਾਰ ਦੇ ਬਜਟ ਦਾ ਸਖ਼ਤ ਵਿਰੋਧ, ਬਿਲਾਵਲ ਬੋਲੇ-ਨਵੇਂ ਪਾਕਿਸਤਾਨ ’ਚ ਲੋਕਾਂ ਦੀ ਜ਼ਿੰਦਗੀ ਬਣੀ ਨਰਕ
Friday, Jul 02, 2021 - 07:32 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਨੈਸ਼ਨਲ ਅਸੈਂਬਲੀ ’ਚ ਵਿੱਤੀ ਸਾਲ 2021-22 ਲਈ ਕੇਂਦਰੀ ਬਜਟ ਨੂੰ ਪਾਸ ਕਰਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਨਾਜਾਇਜ਼ ਹੈ ਤੇ ਇਸ ਨੇ ‘ਮੈਂਬਰਾਂ ਦੇ ਵੋਟ ਦੇ ਅਧਿਕਾਰ ਨੂੰ ਖੋਹ ਲਿਆ ਹੈ।’’ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਜਟ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਨਾਜਾਇਜ਼ ਹੋ ਗਈ ਹੈ ਤੇ ਅੱਜ ਮੈਂਬਰਾਂ ਦੇ ਵੋਟ ਦਾ ਅਧਿਕਾਰ ਖੋਹ ਲਿਆ ਗਿਆ। ਜਿਓ ਨਿਊਜ਼ ਦੀ ਰਿਪੋਰਟ ਅਨੁਸਾਰ, ਬਿਲਾਵਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਬਜਟ ਜ਼ਰੀਏ ਧੋਖਾ ਕੀਤਾ ਹੈ ਤੇ ਨੈਸ਼ਨਲ ਅਸੈਂਬਲੀ ਵਿਚ ਜੋ ਹੋਇਆ, ਉਸ ਨੂੰ ਰਾਸ਼ਟਰ ਸਾਹਮਣੇ ਲਿਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਉਨ੍ਹਾਂ ਕਿਹਾ ਕਿ ਨੈਸ਼ਨਲ ਅਸੈਂਬਲੀ ’ਚ ਅੱਜ ਦੇ ਸੈਸ਼ਨ ਨੇ ‘ਇਕ ਬਹੁਤ ਖਰਾਬ ਉਦਾਹਰਣ’ ਸਥਾਪਿਤ ਕੀਤੀ। ਇਸੇ ਦਰਮਿਆਨ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਬਜਟ ‘ਬੜੀ ਆਸਾਨੀ ਨਾਲ’ ਪਾਸ ਹੋ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਤਿਹਾਸ ’ਚ ਇੰਨਾ ਵੱਡਾ ਵਿਕਾਸ ਬਜਟ ਪਹਿਲਾਂ ਕਦੀ ਪਾਸ ਨਹੀਂ ਕੀਤਾ ਗਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇ ਨਵਾਂ ਪਾਕਿਸਤਾਨ ਦੇ ਨਾਂ ’ਤੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਮਹਿੰਗਾਈ ਇੰਨੀ ਹੈ ਕਿ ਸਰਕਾਰੀ ਕਰਮਚਾਰੀ ਖੁਦਕੁਸ਼ੀ ਕਰਨ ਨੂੰ ਮਜਬੂਰ ਹਨ। ਬੁੱਧਵਾਰ ਨੂੰ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸਰਕਾਰ ’ਤੇ ਜ਼ੋਰਦਾਰ ਹਮਲਾ ਕਰਦਿਆਂ ਬਿਲਾਵਲ ਨੇ ਇਮਰਾਨ ਖਾਨ ’ਤੇ ਦੋਗਲਾਪਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੇ ਲੋਕ ਉਨ੍ਹਾਂ ਦਾ ਭਾਸ਼ਣ ਨਹੀਂ ਸੁਣਨਾ ਚਾਹੁੰਦੇ।
ਪੀ. ਪੀ. ਪੀ. ਪ੍ਰਧਾਨ ਨੇ ਪ੍ਰਧਾਨ ਮੰਤਰੀ ਤੋਂ ਪਿਛਲੇ ਤਿੰਨ ਸਾਲਾਂ ’ਚ ਉਨ੍ਹਾਂ ਦੇ ਕੰਮ ਦਾ ਲੇਖਾ-ਜੋਖਾ ਦੇਣ ਨੂੰ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ’ਚ ਗਰੀਬੀ ਤੇ ਬੇਰੋਜ਼ਗਾਰੀ ਵਿਚ ‘ਇਤਿਹਾਸਕ ਵਾਧਾ’ ਹੋਇਆ ਹੈ। ਜਿਓ ਨਿਊਜ਼ ਦੀ ਰਿਪੋਰਟ ਅਨੁਸਾਰ ਬਿਲਾਵਲ ਨੇ ਕਿਹਾ ਕਿ ਸਰਕਾਰ ਨੇ ਬਜਟ ਪੇਸ਼ ਕਰਦੇ ਸਮੇਂ ਵਿਰੋਧੀ ਧਿਰ ਨੂੰ ਨਾਲ ਨਹੀਂ ਲਿਆ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਣ ਦੀ ਵੀ ਨਿੰਦਾ ਕੀਤੀ ਤੇ ਬਜਟ ਲਈ ਕਿਹਾ ਕਿ ਇਹ ‘ਸਿਰਫ ਸ਼ਬਦਾਂ ਦੇ ਹੇਰ-ਫੇਰ ਤੋਂ ਇਲਾਵਾ ਕੁਝ ਨਹੀਂ ਹੈ’। ਨੈਸ਼ਨਲ ਅਸੈਂਬਲੀ ਵਿਚ ਸਾਲ 2021-22 ਲਈ ਪ੍ਰਧਾਨ ਮੰਤਰੀ ਇਮਰਾਨ ਦੇ ਬਜਟ ਭਾਸ਼ਣ ਤੋਂ ਬਾਅਦ ਬਿਲਾਵਲ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਮਰਾਨ ਸਰਕਾਰ ਨੇ ਗਰੀਬਾਂ ਦੀ ਬਜਾਏ ਅਮੀਰਾਂ ਲਈ ਸਾਰੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਜਨਤਾ ਪ੍ਰਧਾਨ ਮੰਤਰੀ ਦਾ ਭਾਸ਼ਣ ਨਹੀਂ ਸੁਣਨਾ ਚਾਹੁੰਦੀ। ਕੁਝ ਦਿਨ ਪਹਿਲਾਂ ਬਜਟ ਨੂੰ ਲੈ ਕੇ ਬਿਲਾਵਲ ਨੇ ਕਿਹਾ ਸੀ ਕਿ ਪਾਕਿ ਦੇ ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਦੀ ਦੁਰਦਸ਼ਾ ਨੂੰ ਅਣਦੇਖਿਆ ਕਰ ਰਹੇ ਹਨ ਤੇ ਉਹ ਬੋਲ਼ੇ ਤੇ ਗੂੰਗੇ ਹੋ ਗਏ ਹਨ।