ਵੱਡੀ ਖ਼ਬਰ! ਓਂਟਾਰੀਓ ਸਰਕਾਰ ਨੇ ਟੋਰਾਂਟੋ ਤੇ ਪੀਲ 'ਚ ਲਾਈ ਤਾਲਾਬੰਦੀ

Saturday, Nov 21, 2020 - 11:28 AM (IST)

ਵੱਡੀ ਖ਼ਬਰ! ਓਂਟਾਰੀਓ ਸਰਕਾਰ ਨੇ ਟੋਰਾਂਟੋ ਤੇ ਪੀਲ 'ਚ ਲਾਈ ਤਾਲਾਬੰਦੀ

ਟੋਰਾਂਟੋ- ਓਂਟਾਰੀਓ ਸਰਕਾਰ ਨੇ ਟੋਰਾਂਟੋ ਤੇ ਪੀਲ ਵਿਚ ਤਾਲਾਬੰਦੀ ਲਾਉਣ ਦਾ ਫੈਸਲਾ ਸੁਣਾ ਦਿੱਤਾ ਹੈ। ਸੂਬੇ ਵਿਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਸਨ। ਇਸੇ ਲਈ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਸਖ਼ਤ ਫ਼ੈਸਲਾ ਲੈਣ ਜਾ ਰਹੇ ਹਨ। 

ਸੂਬਾ ਸਰਕਾਰ ਗੈਰ-ਜ਼ਰੂਰੀ ਵਪਾਰਕ ਅਦਾਰੇ, ਜਿੰਮ ਤੇ ਨਿੱਜੀ ਸੁਰੱਖਿਆ ਸੇਵਾ ਸਣੇ ਰੈਸਟੋਰੈਂਟਾਂ ਵਿਚ ਬੈਠ ਕੇ ਖਾਣ-ਪੀਣ ਦੀ ਪਾਬੰਦੀ ਲਾਉਣ ਜਾ ਰਹੀ ਹੈ। ਇਸ ਦੇ ਇਲਾਵਾ ਟੋਰਾਂਟੋ ਤੇ ਪੀਲ ਰੀਜਨ ਵਿਚ ਤਾਲਾਬੰਦੀ ਰਹੇਗੀ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਕੋਰੋਨਾ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਤੇ ਸਰਕਾਰ ਕੋਲ ਇਹ ਆਖਰੀ ਰਾਹ ਬਚਿਆ ਹੈ।

ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸੂਬੇ ਦੇ ਲੋਕਾਂ ਨੇ ਕੋਰੋਨਾ ਕਾਰਨ ਪਹਿਲਾਂ ਵੀ ਬਹੁਤ ਮੁਸ਼ਕਲ ਸਮਾਂ ਦੇਖਿਆ ਤੇ ਅਜੇ ਵੀ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਪਰ ਕੋਰੋਨਾ ਨੂੰ ਹਰਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਸਭ ਦੇ ਸਹਿਯੋਗ ਨਾਲ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਾਟਰਲੂ ਅਤੇ ਦੁਰਹਾਮ ਵਿਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਇਹ ਚੌਥੀ ਸ਼੍ਰੇਣੀ ਵਿਚ ਪੁੱਜ ਗਿਆ ਹੈ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਾਲਾਬੰਦੀ 23 ਨਵੰਬਰ ਤੋਂ 21 ਦਸੰਬਰ ਤੱਕ ਲਾਗੂ ਰਹੇਗੀ ਭਾਵ 28 ਦਿਨਾਂ ਤੱਕ ਲੋਕ ਸਖ਼ਤ ਪਾਬੰਦੀਆਂ ਵਿਚ ਰਹਿਣਗੇ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।  ਸੂਬੇ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਡੇਵਿਡ ਵਿਲੀਅਮਜ਼ ਨੇ ਕਿਹਾ ਕਿ ਇਹ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਅਤੇ ਦੂਜੇ ਖੇਤਰਾਂ ਵਿਚ ਜਾਣ ਤੋਂ ਬਚਣ, ਜਿੱਥੇ ਕੋਰੋਨਾ ਦੇ ਮਾਮਲੇ ਵੱਧ ਹਨ। 


author

Lalita Mam

Content Editor

Related News