ਓਂਟਾਰੀਓ: ਕੋਰੋਨਾ ਨਾਲ ਹਾਲਾਤ ਵਿਗੜੇ, ਲਿਬਰਲਾਂ ਵੱਲੋਂ ਫ਼ੌਜ ਸੱਦਣ ਦੀ ਮੰਗ

Wednesday, Jan 06, 2021 - 10:05 PM (IST)

ਟੋਰਾਂਟੋ- ਓਂਟਾਰਾਓ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਜਦੋਂ ਕਿ ਟੀਕਾਕਰਨ ਹੌਲੀ ਚੱਲ ਰਿਹਾ ਹੈ। ਬੁੱਧਵਾਰ ਨੂੰ ਸੂਬੇ ਵਿਚ 3,266 ਨਵੇਂ ਮਾਮਲੇ ਦਰਜ ਹੋਏ। ਇਸ ਤੋਂ ਪਿਛਲੇ ਦਿਨ 3,128 ਕੋਰੋਨਾ ਵਾਇਰਸ ਮਾਮਲੇ ਦਰਜ ਹੋਏ ਸਨ। ਲਗਾਤਾਰ ਤੀਜੇ ਦਿਨ ਓਂਟਾਰੀਓ ਵਿਚ 3,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਵਿਚਕਾਰ ਓਂਟਾਰੀਓ ਲਿਬਰਲ ਪਾਰਟੀ ਦੇ ਨੇਤਾ ਨੇ ਫੋਰਡ ਸਰਕਾਰ ਨੂੰ ਸੂਬੇ ਦੇ ਟੀਕਾਕਰਨ ਪ੍ਰੋਗਰਾਮ ਵਿਚ ਫੌਜ ਦੀ ਸਹਾਇਤਾ ਲੈਣ ਦੀ ਮੰਗ ਕੀਤੀ ਹੈ।

ਬੁੱਧਵਾਰ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਟੀਵਨ ਡੇਲ ਡੂਕਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਹਸਪਤਾਲਾਂ ਵਿਚ ਚੱਲ ਰਹੇ ਸੰਕਟ ਨਾਲ ਨਜਿੱਠਣ ਵਿਚ ਫੋਰਡ ਸਰਕਾਰ ਦੀ ਯੋਗਤਾ 'ਤੇ ਭਰੋਸਾ ਨਹੀਂ ਹੈ। ਫੋਰਡ ਸਰਕਾਰ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਟੀਕੇ ਨਹੀਂ ਪਹੁੰਚਾ ਪਾ ਰਹੀ ਹੈ।

ਉਨ੍ਹਾਂ ਪ੍ਰੀਮੀਅਰ ਨੂੰ ਤੁਰੰਤ ਫ਼ੌਜ ਨੂੰ ਸੱਦ ਕੇ ਸਹਾਇਤਾ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕੋਰੋਨਾ ਟੀਕਾਕਰਨ ਤੇਜ਼ੀ ਨਾਲ ਚਲਾਉਣ ਦੀ ਜ਼ਰੂਰਤ ਹੈ ਤਾਂ ਜੋ ਸੂਬੇ ਦੇ ਲੋਕਾਂ ਦੀ ਰੱਖਿਆ ਕੀਤੀ ਜਾ ਸਕੇ।

ਦੱਸ ਦੇਈਏ ਕਿ ਫੋਰਡ ਸਰਕਾਰ ਨੂੰ ਟੀਕਾਕਰਨ ਦੀ ਹੌਲੀ ਰਫ਼ਤਾਰ ਅਤੇ ਛੁੱਟੀ ਦੌਰਾਨ ਟੀਕਾ ਲਾਉਣ ਦਾ ਕੰਮ ਬੰਦ ਕਰਨ ਦੇ ਫ਼ੈਸਲੇ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਸੂਬਾ ਸਰਕਾਰ ਦਾ ਹੁਣ ਕਹਿਣਾ ਹੈ ਕਿ ਉਹ ਟੋਰਾਂਟੋ, ਪੀਲ ਰੀਜਨ, ਯੌਰਕ ਖੇਤਰ ਅਤੇ ਵਿੰਡਸਰ-ਐਸੇਕਸ ਦੇ 161 ਕੇਂਦਰਾਂ ਵਿਚ 21 ਜਨਵਰੀ ਤੱਕ ਸਾਰੇ ਵਸਨੀਕਾਂ, ਸਟਾਫ ਅਤੇ ਜ਼ਰੂਰੀ ਦੇਖਭਾਲ ਕਰਨ ਵਾਲਿਆਂ ਦਾ ਟੀਕਾਕਰਨ ਵਿਚ ਸਮਰੱਥ ਹੋ ਜਾਵੇਗੀ। ਫੋਰਡ ਨੇ ਕਿਹਾ ਕਿ ਟੀਕਾਕਰਨ ਲਈ ਸਰਕਾਰ ਹਰ ਸਮੇਂ ਕੰਮ ਕਰ ਰਹੀ ਹੈ।


Sanjeev

Content Editor

Related News