'ਹਾਈਡ੍ਰੋਕਸੀ ਕਲੋਰੋਕਿਨ' 'ਤੇ ਟਵੀਟ ਕਰ ਘਿਰੀ ਓਂਟਾਰੀਓ ਦੀ ਡਾ. ਗਿੱਲ

08/11/2020 7:58:39 AM

ਟੋਰਾਂਟੋ— ਕੋਵਿਡ-19 ਨੂੰ ਲੈ ਕੇ ਕਈ ਟਵੀਟਸ ਪਿੱਛੋਂ ਓਂਟਾਰੀਓ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਖਿਲਾਫ ਉਨ੍ਹਾਂ ਦੇ ਸਾਥੀ ਡਾਕਟਰਾਂ ਅਤੇ ਹੋਰਾਂ ਨੇ ਸ਼ਿਕਾਇਤਾਂ ਦਾਇਰ ਕਰਵਾਈਆਂ ਹਨ। ਸੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਡਾ. ਕੁਲਵਿੰਦਰ ਕੌਰ ਨੇ ਕੋਵਿਡ-19 ਨੂੰ ਲੈ ਕੇ ਕਈ ਟਵੀਟ ਕੀਤੇ ਸਨ, ਜਿਨ੍ਹਾਂ 'ਚੋਂ ਇਕ 'ਚ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ 'ਹਾਈਡ੍ਰੋਕਸੀ ਕਲੋਰੋਕਿਨ' ਦੀ ਵਰਤੋਂ ਕਰਨ ਦੀ ਵਕਾਲਤ ਕੀਤੀ ਸੀ।

ਸ਼ਿਕਾਇਤਕਰਤਾਵਾਂ ਦਾ ਕਹਿਣਾ ਡਾ. ਗਿੱਲ ਨੇ ਗਲਤ ਜਾਣਕਾਰੀ ਫੈਲਾਈ ਹੈ। ਉਨ੍ਹਾਂ ਖਿਲਾਫ ਇਕ ਸ਼ਿਕਾਇਤ ਕਾਲਜ ਆਫ਼ ਫਿਜ਼ੀਸ਼ੀਅਨ ਐਂਡ ਸਰਜਨ ਓਂਟਾਰੀਓ (ਸੀ. ਪੀ. ਐੱਸ. ਓ.) ਨੂੰ ਕੀਤੀ ਗਈ ਹੈ, ਜੋ ਸੂਬੇ 'ਚ ਡਾਕਟਰਾਂ ਲਈ ਰੈਗੂਲੇਟਰੀ ਮਿਆਰ ਤੈਅ ਕਰਦਾ ਹੈ।
PunjabKesari
ਗਿੱਲ ਦੇ ਟਵੀਟ 'ਤੇ ਇਕ ਨੇ ਟਵੀਟ ਕੀਤਾ, ''ਇਕ ਕੈਨੇਡੀਅਨ ਲੀਡਰ ਡਾਕਟਰ ਕੁਲਵਿੰਦਰ ਕੌਰ ਨੂੰ ਇਹ ਕਹਿੰਦੇ ਦੇਖਣਾ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਨੂੰ ਕੋਰੋਨਾ ਵਾਇਰਸ ਟੀਕੇ ਦੀ ਜਰੂਰਤ ਨਹੀਂ ਹੈ, ਸਾਨੂੰ ਸਿਰਫ ਟੀ-ਸੈੱਲ ਇਮਿਊਨਿਟੀ, ਹਾਈਡ੍ਰੋਕਸੀ ਕਲੋਰੋਕਿਨ ਅਤੇ ਸੱਚ ਦੀ ਜ਼ਰੂਰਤ ਹੈ।'' ਡਾ. ਗਿੱਲ ਖਿਲਾਫ ਦਾਇਰ ਸ਼ਿਕਾਇਤਾਂ 'ਤੇ ਸੀ. ਪੀ. ਐੱਸ. ਓ. ਨੇ ਕਿਹਾ ਕਿ ਉਹ ਚੱਲ ਰਹੀ ਜਾਂਚ 'ਤੇ ਟਿੱਪਣੀ ਨਹੀਂ ਕਰਦਾ ਹੈ।

ਗੌਰਤਲਬ ਹੈ ਕਿ ਹਾਈਡ੍ਰੋਕਸੀ ਕਲੋਰੋਕਿਨ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ ਅਤੇ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਦੇ ਸੰਭਾਵਿਤ ਇਲਾਜ ਲਈ ਪ੍ਰਮੋਟ ਕੀਤਾ ਹੈ। ਹਾਲਾਂਕਿ, ਹੈਲਥ ਕੈਨੇਡਾ ਨੇ ਕੋਵਿਡ-19 ਨੂੰ ਰੋਕਣ ਅਤੇ ਇਲਾਜ ਲਈ ਕਿਸੇ ਵੀ ਦਵਾਈ ਨੂੰ ਅਧਿਕਾਰਤ ਨਹੀਂ ਕੀਤਾ ਹੈ। ਇਸ ਦਾ ਕਹਿਣਾ ਹੈ ਕਿ ਹਾਈਡ੍ਰੋਕਸੀ ਕਲੋਰੋਕਿਨ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ।


Sanjeev

Content Editor

Related News