ਕੈਨੇਡਾ : ਓਂਟਾਰੀਓ ''ਚ ਕੋਰੋਨਾ ਟੈਸਟਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਵੱਡਾ ਐਲਾਨ
Thursday, Sep 24, 2020 - 08:27 PM (IST)
ਟੋਰਾਂਟੋ— ਕੈਨੇਡਾ ਦੇ ਸੂਬੇ ਓਂਟਾਰੀਓ ਨੇ ਕੋਰੋਨਾ ਵਾਇਰਸ ਸੰਕਰਮਣ ਨੂੰ ਸੀਮਤ ਕਰਨ ਦੇ ਮੱਦੇਨਜ਼ਰ ਹੁਣ ਮੈਡੀਕਲ ਸਟੋਰਾਂ 'ਤੇ ਵੀ ਕੋਵਿਡ-19 ਟੈਸਟ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ, ਹਾਲਾਂਕਿ ਸਿਰਫ ਬਗੈਰ ਲੱਛਣ ਵਾਲੇ ਲੋਕਾਂ ਦੇ ਹੀ ਟੈਸਟ ਹੋਣਗੇ। ਸ਼ੁੱਕਰਵਾਰ ਤੋਂ ਕੋਰੋਨਾ ਲੱਛਣਾਂ ਤੋਂ ਬਿਨਾਂ ਵਾਲੇ ਲੋਕ ਟੋਰਾਂਟੋ, ਓਟਾਵਾ, ਬਰੈਂਪਟਨ, ਮਿਸੀਸਾਗਾ, ਮਰਖ਼ਮ ਅਤੇ ਹੰਟਸਵਿਲੇ 'ਚ ਚੁਣੇ ਗਏ ਕੁਝ ਮੈਡੀਕਲ ਸਟੋਰਾਂ 'ਤੇ ਜਾਂਚ ਕਰਾ ਸਕਦੇ ਹਨ। ਡੱਗ ਫੋਰਡ ਸਰਕਾਰ ਨੇ ਇਸ ਲਈ ਤਕਰੀਬਨ ਕੁੱਲ ਮਿਲਾ ਕੇ 60 ਫਾਰਮੇਸੀਜ਼ ਦੀ ਚੋਣ ਕੀਤੀ ਹੈ। ਇਸ ਲਈ ਪਹਿਲਾਂ ਤੋਂ ਸਮਾਂ ਲੈਣਾ ਹੋਵੇਗਾ।
ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ 'ਚ ਹੋਰ ਮੈਡੀਕਲ ਸਟੋਰ ਵੀ ਟੈਸਟਿੰਗ ਉਪਲਬਧ ਕਰਾਉਣਗੇ। ਓਂਟਾਰੀਓ ਦੀ ਸਿਹਤ ਮੰਤਰੀ ਅਤੇ ਡਿਪਟੀ ਪ੍ਰੀਮੀਅਰ ਕ੍ਰਿਸਟੀਨ ਇਲੀਅਟ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਡੀਕਲ ਸਟੋਰਾਂ ਤੱਕ ਟੈਸਟਿੰਗ ਦਾ ਵਿਸਥਾਰ ਕਰਨਾ ਸਾਡੀ ਇਸ ਯੋਜਨਾ ਦਾ ਹਿੱਸਾ ਹੈ ਕਿ ਭਵਿੱਖ 'ਚ ਕੋਵਿਡ-19 ਨੂੰ ਰੋਕਣਾ ਪੱਕਾ ਕੀਤਾ ਜਾ ਸਕੇ।'' ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ-19 ਦੀ ਸ਼ੁਰੂ 'ਚ ਪਛਾਣ ਲਈ ਸਰਕਾਰ ਵੱਲੋਂ ਹੋਰ ਬਦਲ ਉਪਲਬਧ ਕਰਾਏ ਜਾ ਰਹੇ ਹਨ।
ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਟੈਸਟਾਂ ਦੇ ਬਦਲਾਂ ਦਾ ਵਿਸਥਾਰ ਕਰਨ ਲਈ ਸਿਹਤ ਮਹਿਕਮੇ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜਿਸ 'ਚ ਲਾਰ ਟੈਸਟ ਵੀ ਸ਼ਾਮਲ ਹਨ। ਫੋਰਡ ਨੇ ਕਿਹਾ ਕਿ ਓਂਟਾਰੀਓ ਦੇ ਤਿੰਨ ਹਸਪਤਾਲ ਲਾਰ ਟੈਸਟਿੰਗ ਬਦਲ ਦੀ ਪੇਸ਼ਕਸ਼ ਕਰਨ ਲਈ ਸਹਿਮਤ ਹੋਏ ਹਨ, ਇਨ੍ਹਾਂ 'ਚ ਮਾਊਂਟ ਸਿਨਾਈ ਹਸਪਤਾਲ, ਵੂਮੈਨਜ਼ ਕਾਲਜ ਅਤੇ ਯੂ. ਐੱਚ. ਐੱਨ. ਸ਼ਾਮਲ ਹਨ।