ਚੀਨ ਦੇ ਸ਼ਹਿਰ ਸ਼ਿਆਨ 'ਚ ਇੱਕ ਹਫ਼ਤੇ ਲਈ ਲਗਾਈ ਗਈ ਤਾਲਾਬੰਦੀ
Wednesday, Jul 06, 2022 - 04:32 PM (IST)
ਬੀਜਿੰਗ (ਏਜੰਸੀ)- ਚੀਨੀ ਸ਼ਹਿਰ ਸ਼ਿਆਨ ਨੇ ਕਰੋਨਾ ਵਾਇਰਸ ਮਹਾਂਮਾਰੀ ਦੇ ਓਮੀਕਰੋਨ ਵੇਰੀਐਂਟ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਸ਼ਹਿਰ ਵਿੱਚ ਅੰਸ਼ਕ ਤੌਰ 'ਤੇ ਇੱਕ ਹਫ਼ਤੇ ਲਈ ਤਾਲਾਬੰਦੀ ਲਗਾ ਦਿੱਤੀ ਹੈ। ਇਸ ਸ਼ਹਿਰ ਦੀ ਆਬਾਦੀ ਲਗਭਗ 1.3 ਕਰੋੜ ਹੈ। ਸਥਾਨਕ ਇਨਫੈਕਸ਼ਨ ਕੰਟਰੋਲ ਅਫਸਰ ਦੇ ਅਨੁਸਾਰ, ਸੋਮਵਾਰ ਨੂੰ ਸ਼ਹਿਰ ਵਿੱਚ ਓਮੀਕਰੋਨ ਬੀਏ.5.2 ਦੇ 18 ਨਵੇਂ ਮਾਮਲੇ ਦਰਜ ਹੋਏ।
ਸ਼ਿਆਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਅੱਜ ਤੋਂ ਇੱਕ ਹਫ਼ਤੇ ਲਈ ਤਾਲਾਬੰਦੀ ਲਾਗੂ ਰਹੇਗੀ। ਸ਼ਹਿਰ ਦੇ ਅਧਿਕਾਰੀ Zhang Xuedong ਦੇ ਅਨੁਸਾਰ, ਮਨੋਰੰਜਨ, ਖੇਡਾਂ, ਸੱਭਿਆਚਾਰਕ ਸਥਾਨ, ਬਾਰ, ਸਿਨੇਮਾਘਰ, ਜਿੰਮ, ਲਾਇਬ੍ਰੇਰੀਆਂ ਅਤੇ ਅਜਾਇਬ ਘਰ ਇਸ ਸਮੇਂ ਦੌਰਾਨ ਬੰਦ ਰਹਿਣਗੇ। ਵਿਆਹਾਂ ਤੋਂ ਲੈ ਕੇ ਸੰਮੇਲਨਾਂ ਤੱਕ, ਰੈਸਟੋਰੈਂਟ ਦੇ ਖਾਣੇ ਅਤੇ ਵੱਡੇ ਇਕੱਠਾਂ 'ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਸਾਰੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਧਾਰਮਿਕ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿੰਡਰਗਾਰਟਨ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਜਲਦੀ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਯੂਨੀਵਰਸਿਟੀ ਕੈਂਪਸ ਵੀ ਬੰਦ ਕਰ ਦਿੱਤੇ ਗਏ ਹਨ।