ਕੋਵਿਡ-19: ਇਕ-ਤਿਹਾਈ ਕੈਨੇਡੀਅਨ ਮਾਂਵਾਂ ਨੌਕਰੀ ਛੱਡਣ ਲਈ ਮਜਬੂਰ
Monday, Sep 14, 2020 - 04:01 PM (IST)

ਓਟਾਵਾ- ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਬਹੁਤ ਅਸਰ ਪਿਆ ਹੈ, ਜਿਸ ਕਾਰਨ ਮਾਪੇ ਕਾਫੀ ਚਿੰਤਾ ਵਿਚ ਹਨ। ਜਿਨ੍ਹਾਂ ਘਰਾਂ ਵਿਚ ਬੱਚੇ ਛੋਟੇ ਹਨ ਜਾਂ ਕੋਈ ਖਤਰੇ ਵਾਲੀ ਬੀਮਾਰੀ ਨਾਲ ਜੂਝ ਰਿਹਾ ਹੈ, ਉਹ ਲੋਕ ਵੀ ਦਫ਼ਤਰਾਂ ਵਿਚ ਨਾ ਜਾ ਕੇ ਘਰ ਰਹਿਣਾ ਠੀਕ ਸਮਝ ਰਹੇ ਹਨ।
ਕੈਨੇਡਾ ਵਿਚ ਇਕ ਸਰਵੇ ਵਿਚ ਦੱਸਿਆ ਗਿਆ ਹੈ ਕਿ ਇੱਥੇ ਨੌਕਰੀ ਕਰਨ ਵਾਲੀਆਂ ਮਾਵਾਂ ਵਿਚੋਂ ਇਕ-ਤਿਹਾਈ ਨੇ ਨੌਕਰੀ ਛੱਡਣ ਲਈ ਮਜਬੂਰ ਹੋ ਗਈਆਂ ਹਨ। ਉਨ੍ਹਾਂ ਇਹ ਕਦਮ ਚੁੱਕਣ ਦਾ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਦੱਸਿਆ ਹੈ। ਇਹ ਮਾਂਵਾਂ ਚਾਹੁੰਦੀਆਂ ਹਨ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨ ਤੇ ਜਿੰਨਾ ਹੋ ਸਕੇ ਬੱਚੇ ਆਪਣਾ ਸਿਲੇਬਸ ਚੰਗੀ ਤਰ੍ਹਾਂ ਤਿਆਰ ਕਰ ਲੈਣ।
ਇਨ੍ਹਾਂ ਮਾਂਵਾਂ ਦੀ ਸੋਚ ਹੈ ਕਿ ਉਹ ਪੈਸਾ ਤਾਂ ਅਗਲੇ ਸਾਲ ਵੀ ਕਮਾ ਸਕਦੀਆਂ ਹਨ ਪਰ ਬੱਚਿਆਂ ਨੂੰ ਜੋ ਨੁਕਸਾਨ ਹੋ ਰਿਹਾ ਹੈ, ਉਸ ਦੀ ਭਰਪਾਈ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਨੌਕਰੀ ਦੇ ਨਾਲ-ਨਾਲ ਬੱਚਿਆਂ ਦਾ ਧਿਆਨ ਰੱਖਣਾ ਉਨ੍ਹਾਂ ਨੂੰ ਬਹੁਤ ਮੁਸ਼ਕਲ ਲੱਗਦਾ ਹੈ। ਜ਼ਿਆਦਾਤਰ ਨੌਕਰੀਪੇਸ਼ਾ ਮਾਪੇ ਬੱਚਿਆਂ ਨੂੰ ਡੇਅ ਕੇਅਰ ਵਿਚ ਭੇਜ ਦਿੰਦੇ ਹਨ ਪਰ ਹੁਣ ਕੋਰੋਨਾ ਕਾਰਨ ਉਨ੍ਹਾਂ ਲਈ ਇਹ ਫੈਸਲਾ ਲੈਣਾ ਮੁਸ਼ਕਲ ਹੋ ਰਿਹਾ ਹੈ।
ਇਸੇ ਸਰਵੇ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਈ ਪਿਤਾ ਇਹ ਸੋਚ ਰਹੇ ਹਨ ਕਿ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਤੇ ਚੰਗੇ ਭਵਿੱਖ ਲਈ ਨੌਕਰੀ ਛੱਡਣੀ ਪਵੇਗੀ। ਹਾਲਾਂਕਿ ਮਾਹਰਾਂ ਨੇ ਵਿਚਾਰ ਦਿੱਤਾ ਹੈ ਕਿ ਲੋਕ ਨੌਕਰੀ ਨਾ ਛੱਡ ਕੇ ਇਸ ਦਾ ਕੋਈ ਹੱਲ ਲੱਭਣ ਤਾਂ ਕਿ ਉਹ ਵਿੱਤੀ ਪੱਖੋਂ ਵੀ ਮਜ਼ਬੂਤ ਰਹਿਣ ਤੇ ਬੱਚਿਆਂ ਵੱਲ ਵੀ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਘਰੋਂ ਕੰਮ ਕਰਨ ਤਾਂ ਉਹ ਆਪਣੇ ਬੱਚਿਆਂ ਨਾਲ ਘਰ ਵਿਚ ਰਹਿ ਕੇ ਉਨ੍ਹਾਂ ਦਾ ਧਿਆਨ ਵੀ ਰੱਖ ਸਕਦੇ ਹਨ ਤੇ ਨਾਲ ਦੇ ਨਾਲ ਕੰਮ ਵੀ ਕਰ ਸਕਦੇ ਹਨ।