ਅਮਰੀਕਾ ਦੇ ਮਿਨੀਪੋਲਿਸ 'ਚ ਗੋਲੀਬਾਰੀ, 1 ਵਿਅਕਤੀ ਦੀ ਮੌਤ ਤੇ 11 ਜ਼ਖਮੀ

06/21/2020 8:53:12 PM

ਮਿਨੀਪੋਲਿਸ: ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿਚ ਗੋਲੀਬਾਰੀ ਦੀ ਇਕ ਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਿਨੀਪੋਲਿਸ ਪੁਲਸ ਨੇ ਪਹਿਲਾਂ ਕਿਹਾ ਸੀ ਕਿ 10 ਲੋਕਾਂ ਨੂੰ ਗੋਲੀ ਮਾਰੀ ਗਈ ਹੈ ਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਹਨ ਪਰ ਬਾਅਦ ਵਿਚ ਪੁਲਸ ਨੇ ਇਕ ਦੀ ਮੌਤ ਤੇ 11 ਹੋਰਾਂ ਦੇ ਜ਼ਖਮੀ ਹੋਣ ਦੀ ਗੱਲ ਆਖੀ।

ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਜ਼ਾਹਿਰ ਨਹੀਂ ਕੀਤੀ ਗਈ ਹੈ ਤੇ ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਦੇ ਇਸ ਮਾਮਲੇ ਵਿਚ ਕਿਸੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ। ਮਿਨੀਪੋਲਿਸ ਪੁਲਸ ਨੇ ਸ਼ੁਰੂਆਤ ਵਿਚ ਇਕ ਟਵੀਟ ਕਰਦੇ ਹੋਏ ਲੋਕਾਂ ਨੂੰ ਅਪਟਾਊਨ ਮਿਨੀਪੋਲਿਸ ਇਲਾਕੇ ਵਿਚ ਨਾ ਜਾਣ ਦੀ ਸਲਾਹ ਦਿੱਤੀ ਸੀ। ਇਸ ਇਲਾਕੇ ਵਿਚ ਕਈ ਬਾਰ ਤੇ ਰੈਸਤਰਾਂ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਵਿਚ ਇਕ ਥਿਏਟਰ ਤੇ ਇਕ ਹੋਰ ਦੁਕਾਨ ਦੀਆਂ ਖਿੜਕੀਆਂ 'ਤੇ ਗੋਲੀਆਂ ਦੇ ਨਿਸ਼ਾਨ ਲੱਗੇ ਦਿਖਾਈ ਦੇ ਰਹੇ ਹਨ। ਫੇਸਬੁੱਕ 'ਤੇ ਪੋਸਟ ਕੀਤੇ ਗਏ ਲਾਈਵ ਵੀਡੀਓ  ਵਿਚ ਲੋਕਾਂ ਦੇ ਚੀਖਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।

ਫੁੱਟਪਾਥ 'ਤੇ ਪਏ ਪੀੜਤਾਂ ਦੇ ਕੋਲ ਕੁਝ ਲੋਕ ਇਕੱਠੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਪੁਲਸ ਅਧਿਕਾਰੀ ਸਾਈਕਲਾਂ 'ਤੇ ਆਉਂਦੇ ਦਿਖਾਈ ਦੇ ਰਹੇ ਹਨ। ਪੀੜਤਾਂ ਨੂੰ ਸਥਾਨਕ ਹਸਪਤਾਲ ਲਿਜਾਣ ਤੋਂ ਬਾਅਦ ਫੁੱਟਪਾਥ 'ਤੇ ਖੂਨ ਦੇ ਛਿੱਟੇ ਦੇਖੇ ਜਾ ਸਕਦੇ ਹਨ। ਇਹ ਇਲਾਕਾ ਮਿਨੀਪੋਲਿਸ ਵਣਜ ਖੇਤਰ ਤੋਂ ਤਕਰੀਬਨ 5 ਕਿਲੋਮੀਟਰ ਦੂਰ ਪੱਛਮ ਵਿਚ ਸਥਿਤ ਹੈ, ਜਿਥੇ ਮਿਨੀਪੋਲਿਸ ਪੁਲਸ ਦੀ ਹਿਰਾਸਤ ਵਿਚ 25 ਮਈ ਨੂੰ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੰਗੇ ਭੜਕ ਗਏ ਸਨ।


Baljit Singh

Content Editor

Related News