ਅਮਰੀਕਾ ਦੇ 10 ਸੂਬਿਆਂ ’ਚ ਪਹੁੰਚਿਆ ਓਮੀਕ੍ਰੋਨ
Sunday, Dec 05, 2021 - 10:36 AM (IST)
ਵਾਸ਼ਿੰਗਟਨ (ਯੂ. ਐੱਨ. ਆਈ.)- ਅਮਰੀਕਾ ਦੇ 10 ਸੂਬਿਆਂ ਵਿਚ ਕੋਵਿਡ-19 ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੈਰੀਲੈਂਡ, ਨੇਬ੍ਰਾਸਕਾ, ਪੇਂਸਿਲਵੇਨੀਆ, ਨਿਊਜਰਸੀ ਅਤੇ ਯੂਟਾ ਸੂਬਿਆਂ ਵਿਚ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੈਲੀਫੋਰਨੀਆ, ਕੋਲੋਰਾਡੋ, ਹਵਾਈ, ਸਿਨੇਸੋਟਾ ਅਤੇ ਨਿਊਯਾਰਕ ਵਿਚ ਓਮੀਕ੍ਰੋਨ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ।
ਬਾਈਡੇਨ ਨੇ ਦੇਸ਼ ਵਾਸੀਆਂ ਨੂੰ ਬੂਸਟਰ ਡੋਜ਼ ਲੈਣ ਦੀ ਕੀਤੀ ਅਪੀਲ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਰਦੀਆਂ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੇ ਖਦਸ਼ੇ ਦੇ ਵਿਚਕਾਰ ਵੀਰਵਾਰ ਨੂੰ ਨਾਗਰਿਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਅਪੀਲ ਕੀਤੀ। ਉਹਨਾਂ ਨੇ ਕੋਈ ਨਵੀਂ ਵੱਡੀ ਪਾਬੰਦੀ ਲਗਾਉਣ ਦੀ ਗੱਲ ਨਹੀਂ ਕੀਤੀ। ਬਾਈਡੇਨ ਨੇ ਕਿਹਾ ਕਿ ਕੁਝ ਹੋਰ ਦੇਸ਼ ਆਪਣੀਆਂ ਸਰਹੱਦਾਂ ਬੰਦ ਕਰ ਰਹੇ ਹਨ ਅਤੇ ਤਾਲਾਬੰਦੀ ਮੁੜ ਲਾਗੂ ਕਰ ਰਹੇ ਹਨ ਪਰ ਇਸ ਵਾਰ ਉਹ ਕੋਈ ਵਾਧੂ ਪਾਬੰਦੀਆਂ ਨਹੀਂ ਲਗਾਉਣਗੇ। ਬਾਈਡੇਨ ਨੇ ਵਿਗਿਆਨਕ ਸਲਾਹਕਾਰਾਂ ਨਾਲ ਮੀਟਿੰਗ ਤੋਂ ਬਾਅਦ ਮੈਰੀਲੈਂਡ ਵਿੱਚ ਰਾਸ਼ਟਰੀ ਸੰਸਥਾਵਾਂ ਦੇ ਦੌਰੇ ਦੌਰਾਨ ਕਿਹਾ,"ਮਾਹਰਾਂ ਦਾ ਕਹਿਣਾ ਹੈ ਕਿ ਇਹਨਾਂ ਸਰਦੀਆਂ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋਵੇਗਾ, ਇਸ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ।" ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਨਵੀਂ ਰਣਨੀਤੀ ਵਿਚ ਤਾਲਾਬੰਦੀ ਸ਼ਾਮਲ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦਾ ਖ਼ੌਫ, ਆਸਟ੍ਰੇਲੀਆ 'ਚ 5-11 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ
ਬਾਈਡੇਨ ਨੇ ਇਹ ਵੀ ਕਿਹਾ ਕਿ ਅਗਲੇ ਹਫ਼ਤੇ ਤੋਂ ਅਮਰੀਕਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਜਹਾਜ਼ 'ਚ ਸਵਾਰ ਹੋਣ ਦੇ ਇਕ ਦਿਨ ਦੇ ਅੰਦਰ ਕੋਵਿਡ-19 ਨਾਲ ਸੰਕਰਮਿਤ ਨਾ ਹੋਣ ਦੀ ਰਿਪੋਰਟ ਦਿਖਾਉਣੀ ਹੋਵੇਗੀ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਨਾਗਰਿਕ ਹਨ ਜਾਂ ਉਹਨਾਂ ਨੇ ਵੈਕਸੀਨ ਦੀ ਖੁਰਾਕ ਲਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਕਈ ਰਾਜਾਂ ਵਿਚ ਓਮੀਕਰੋਨ ਵੈਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।