ਬੋਲਵੀਆ ਦੇ ਸਾਬਕਾ ਰਾਸ਼ਟਰਪਤੀ ਮੋਰਾਲਸ ਦੀ ਵੱਡੀ ਭੈਣ ਦਾ ਕੋਰੋਨਾ ਕਾਰਣ ਦਿਹਾਂਤ
Monday, Aug 17, 2020 - 07:34 PM (IST)

ਸੁਕਰੇ (ਇੰਟ.): ਮੱਧ ਦੱਖਣ ਅਫਰੀਕੀ ਦੇਸ਼ ਬੋਲਵੀਆ ਦੇ ਸਾਬਕਾ ਰਾਸ਼ਟਰਪਤੀ ਇਵੋ ਮੋਰਾਲਸ ਦੀ ਵੱਡੀ ਭੈਣ ਐਸਥਰ ਦਾ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਕਾਰਣ ਦਿਹਾਂਤ ਹੋ ਗਿਆ। ਉਹ 70 ਸਾਲ ਦੀ ਸੀ। ਏਜੰਸੀਆ ਬੋਲਵੀਆ ਡੀ ਇੰਫਰਮੇਸ਼ਨ (ਏਬੀਆਈ) ਨਿਊਜ਼ ਏਜੰਸੀ ਦੇ ਮੁਤਾਬਕ ਐਸਥਰ ਮੋਰਾਲਸ ਨੂੰ ਪੂਰਬੀ ਸ਼ਹਿਰ ਓਰੂਰੋ ਦੇ ਇਕ ਹਸਪਤਾਲ ਵਿਚ 9 ਅਗਸਤ ਨੂੰ ਦਾਖਲ ਕਰਵਾਇਆ ਸੀ। ਉਨ੍ਹਾਂ ਨੂੰ ਹਸਪਤਾਲ ਦੇ ਕੋਰੋਨਾ ਮਰੀਜ਼ਾਂ ਦੇ ਵਾਰਡ ਵਿਚ ਦਾਖਲ ਕੀਤਾ ਗਿਆ ਸੀ। ਉਹ ਕਈ ਦਿਨਾਂ ਤੱਕ ਆਈ.ਸੀ.ਯੂ. ਵਿਚ ਦਾਖਲ ਰਹੀ ਪਰ ਐਤਵਾਰ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਸ਼੍ਰੀ ਮੋਰਾਲਸ ਨੇ ਆਪਣੀ ਭੈਣ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੈਂ ਆਪਣੀ ਭੈਣ ਨੂੰ ਅਲਵਿਦਾ ਨਹੀਂ ਕਹਿ ਸਕਿਆ, ਜੋ ਮੇਰੇ ਲਈ ਇਕ ਮਾਂ ਵਾਂਗ ਸੀ। ਆਪਣਾ ਪਿਆਰ, ਇਮਾਨਦਾਰੀ ਤੇ ਬਹਾਦਰੀ ਦੇਣ ਲਈ ਉਨ੍ਹਾਂ ਨੂੰ ਧੰਨਵਾਦ... ਉਹ ਸਭ ਤੋਂ ਮੁਸ਼ਕਿਲ ਸਮੇਂ ਵਿਚ ਮੇਰੇ ਵੱਲ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ਦੇ ਪਹਿਲੇ ਦੌਰ ਵਿਚ ਮਿਲੀ ਜਿੱਤ ਨੂੰ ਵਿਰੋਧੀ ਧਿਰ ਵਲੋਂ ਨਕਾਰੇ ਜਾਣ ਤੋਂ ਬਾਅਦ ਤੇ ਪ੍ਰਦਰਸ਼ਨਕਾਰੀਆਂ ਤੇ ਫੌਜ ਦੇ ਦਬਾਅ ਦੇ ਕਾਰਣ ਨਵੰਬਰ ਵਿਚ ਸ਼੍ਰੀ ਮੋਰਾਲਸ ਦੇਸ਼ ਛੱਡ ਕੇ ਭੱਜ ਗਏ।
ਐਸਥਰ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿਨਗਰ ਓਰਿਨੋਕਾ ਵਿਚ ਦਫਨਾਉਣ ਦੀ ਸੰਭਾਵਨਾ ਵਿਅਕਤ ਕੀਤੀ ਹੈ। ਜ਼ਿਕਰਯੋਗ ਹੈ ਕਿ ਬੋਲਵੀਆ ਵਿਚ ਹੁਣ ਤੱਕ ਇਕ ਲੱਖ ਤੋਂ ਵਧੇਰੇ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਹਨ ਤੇ 4000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।